Singh Sabha-U.S.A.
News

ਬਾਦਲਕੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਕਰਦੇ ਰਹੇ ਹਨ ਚੰਡੀਗੜ ਸਰਕਾਰੀ ਕੋਠੀ ’ਚ ‘ ਤਲਬ ’ : ਗਿਆਨੀ ਗੁਰਮੁੱਖ ਸਿੰਘ
   Apr 19,2017

 

  • ਦਿੱਤੇ ਜਾਂਦੇ ਸਨ ਸਿੱਧੇ ਆਦੇਸ਼, ਹੁਕਮ ਅਦੂਲੀ ਕਰਨ ਤੇ ‘ਛੁੱਟੀ’ ਕਰਨ ਦੀ ਮਿਲਦੀ ਸੀ ਧਮਕੀ
  • ਸੌਦਾ ਸਾਧ ਵਾਲਾ ਸਾਰਾ ਡਰਾਮਾ ਬਾਦਲਾਂ ਦੀ ਦੇਣ : ਗਿਆਨੀ ਗੁਰਮੁੱਖ ਸਿੰਘ

ਅੰਮਿ੍ਰਤਸਰ/ਬਠਿੰਡਾ 19 ਅਪ੍ਰੈਲ (ਨਰਿੰਦਰਪਾਲ ਸਿੰਘ/ਅਨਿਲ ਵਰਮਾ) ਡੇਰਾ ਸਿਰਸਾ ਮੁਖੀ ਨੂੰ ਸਾਲ 2015 ਵਿੱਚ ਦਿਤੀ ਗਈ ਬਿਨ ਮੰਗੀ ਮੁਆਫੀ ਮਾਮਲੇ ਵਿੱਚ ਇਕ ਸਰਗਰਮ ਧਿਰ ਰਹੇ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖੀ ਦਾ ਮਾਮਲਾ ਨਿਪਟਾਣ ਦੇ ਆਦੇਸ਼ ਤਤਕਾਲੀਨ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਥੇਦਾਰਾਂ ਨੂੰ ਚੰਡੀਗੜ ਸਥਿਤ ਸਰਕਾਰੀ ਕੋਠੀ ਬੁਲਾਕੇ ਦਿੱਤੇ ਸਨ ।ਬਾਦਲ ਪਿਉ-ਪੁੱਤਰ ਹਥੌਂ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਤਖਤਾਂ ਦੇ ਜਥੇਦਾਰਾਂ ਦੀ ਇਸ ਮਾਮਲੇ ਵਿੱਚ ਕੀਤੀ ਗਈ ‘ਇੱਜਤ’ਦਾ ਬਾਖੂਬੀ ਖੁਲਾਸਾ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਨੇ ਇੱਕ ਵਾਰ ਫਿਰ ਇਹ ਸਵਾਲ ਗਿਆਨੀ ਗੁਰਬਚਨ ਸਿੰਘ ਦੇ ਪਾਲੇ ਸੁੱਟ ਦਿੱਤਾ ਹੈ ਕਿ 16 ਸਤੰਬਰ 2015 ਨੂੰ ਚੰਡੀਗੜ ਵਿਖੇ ਬਾਦਲਾਂ ਵਲੋਂ ਵਿਖਾਈ ਡੇਰੇ ਦੀ ਚਿੱਠੀ ਅੰਮਿ੍ਰਤਸਰ ਕਿਸਨੇ ਪਹੁੰਚਾਈ ।

ਆਪਣੀ ਰਿਹਾਇਸ਼ ਤੇ ਚੋਣਵੇਂ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ 15 ਸਤੰਬਰ 2015 ਨੂੰ ਜਦ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਨ ਤਾਂ ਉਨਾਂ ਨੂੰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੋਨ ਆਇਆ ਕਿ ‘ਸਵੇਰੇ ਅਸੀਂ ਚੰਡੀਗੜ ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ,ਅੱਜ ਸ਼ਾਮ ਨੂੰ ਹਰ ਹਾਲ ਵਿਚ ਅੰਮਿ੍ਰਤਸਰ ਆ ਜਾਓ’।ਉਨਾਂ ਦੱਸਿਆ ਕਿ 16ਸਤੰਬਰ 2015 ਨੂੰ ਉਹ,ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ, ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜ ਗਏ ਜਿਥੇ ਉਪੱ ਮੁਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।

ਉਨਾਂ ਦਸਿਆ ਕਿ ਰਸਮੀ ਗਲਬਾਤ ਤੋ ਬਾਅਦ ਸ੍ਰ ਪਕਾਸ਼ ਸਿੰਘ ਬਾਦਲ ਨੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਸ ਕੰਮ ਲਈ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ ਹੈ ਉਹ ਗਲ ਕਰੋ। ਸ੍ਰ ਬਾਦਲ ਦੇ ਇਹ ਕਹਿਣ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਡੇ(ਜਥੇਦਾਰਾਂ)ਵੱਲ ਇਕ ਪੱਤਰ ਵਧਾਉਂਦਿਆਂ ਕਿਹਾ ਕਿ ਇਸ ਤੇ ਤੁਰੰਤ ਕਾਰਵਾਈ ਕਰਕੇ ਇਹ ਮਾਮਲਾ ਰਫਾ ਦਫਾ ਕਰੋ।


ਗਿਆਨੀ ਗੁਰਮੁੱਖ ਸਿੰਘ ਨੇ ਦਸਿਆ ਕਿ ਹਿੰਦੀ ਵਿਚ ਲਿਖਿਆ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਜਿਸਨੂੰ ਵੇਖ ਸਾਰੇ ਸਿੰਘ ਸਾਹਿਬਾਨ ਸੋਚੀ ਪੈ ਗਏ। ਉਨਾਂ ਦੱਸਿਆ ਕਿ ਪੱਤਰ ਪੜ ਤੇ ਸੁਣ ਲੈਣ ਤੋ ਬਾਅਦ ਗਿਆਨੀ ਗੁਬਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਪੱਤਰਕਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ।ਇਸ ਤੇ ਪੰਜ ਸਿੰਘ ਸਾਹਿਬਾਨ ਵਿਚ ਵਿਚਾਰ ਤਾਂ ਹੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅਸੀ(ਤਿੰਨ ਸਬੰਧਤ ਜਥੇਦਾਰਾਂ) ਕਿਹਾ ਕਿ ਇਸ ਮਾਮਲੇ ਨਾਲ ਸਾਰੀ ਕੌਮ ਦੀਆਂ ਭਾਵਨਾਵਾ ਜੁੜੀਆ ਹੋਈਆ ਹਨ ਇਸ ਲਈ ਇਸ ਮਾਮਲੇ ਤੇ ਕਾਹਲ ਕਰਨ ਦੀ ਬਜਾਏ ਸਾਨੂੰ ਥੋੜਾ ਸਮਾ ਦਿੱਤਾ ਜਾਵੇ ਤਾ ਕਿ ਅਸੀ ਇਸ ਮਾਮਲੇ ਤੇ ਲਏ ਜਾਣ ਵਾਲੇ ਫੈਸਲੇ ਤੇ ਘਟੋ ਘਟ ਕੌਮੀ ਰਾਏ ਤਾ ਬਣਾਈ ਜਾ ਸਕੇ।ਲੇਕਿਨ ਸ੍ਰ: ਸੁਖਬੀਰ ਸਿੰਘ ਬਾਦਲ ਇਸ ਮਾਮਲੇ ਤੇ ਜ਼ਰਾ ਵੀ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀ ਸਨ ਉਨਾ ਕਿਹਾ ਕਿ ਇਸ ਮਾਮਲੇ ਤੇ ਜਿੰਨਾ ਜਲਦੀ ਹੋ ਸਕੇ ਤੁਸੀ ਫੈਸਲਾ ਸੁਣਾਓ। ਇਸ ਤੇ ਅਸੀ ਸਾਰੇ ਜਥੇਦਾਰਾ ਨੇ ਇਕ ਅਵਾਜ਼ ਹੋ ਕੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਇਸ ਚਿਠੀ ਨੂੰ ਪਹਿਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਫਿਰ ਹੀ ਅਸੀ ਇਸ ਬਾਰੇ ਵਿਚਾਰ ਕਰ ਸਕਦੇ ਹਾ।

ਉਨਾਂ ਦੱਸਿਆ ਕਿ ਜਦ ਵਾਪਸ ਆਉਣ ਲਗੇ ਤਾ ਮੈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ‘ਤੁਸੀ ਸਾਡੇ ਬਜੁਰਗਾ ਦੇ ਸਮਾਨ ਹੋ। ਪਰ ਸਾਨੂੰ ਇਸ ਤਰਾ ਨਾਲ ਸਰਕਾਰੀ ਰਿਹਾਇਸ਼ ਤੇ ਨਾ ਬੁਲਾਇਆ ਕਰੋ। ਸਾਨੂੰ ਹਰ ਰੋਜ਼ ਹਜ਼ਾਰਾ ਲੋਕ ਮਿਲਦੇ ਹਨ ਤੁਸੀ ਵੀ ਸਾਨੂੰ ਤਖ਼ਤ ਸਾਹਿਬਾਨ ਤੇ ਮਿਲਣ ਦੀ ਖੇਚਲ ਕਰ ਲਿਆ ਕਰੋ’। ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ ‘ਮੈ ਸ੍ਰ ਬਾਦਲ ਨੂੰ ਇਹ ਵੀ ਕਿਹਾ ਕਿ ਅੱਜ ਤਾ ਇਉ ਲਗ ਰਿਹਾ ਹੈ ਕਿ ਜਿਵੇ ਤੁਸੀ ਸਾਨੂੰ ਤਲਬ ਕਰ ਲਿਆ ਹੋਵੇ। ਇਹ ਸੁਣ ਕੇ ਸ੍ਰ ਪਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਵਿਖ ਵਿਚ ਅਜਿਹਾ ਹੀ ਹੋਵੇਗਾ’।

ਗਿਆਨੀ ਗੁਰਮੁੱਖ ਸਿੰਘ ਨੇ ਦਸਿਆ ਕਿ ਇਸ ਤੋ ਬਾਅਦ 23 ਸਤੰਬਰ 2015 ਦੀ ਸ਼ਾਮ ਨੂੰ ਇਸ ਮਾਮਲੇ ਤੇ ਜਥੇਦਾਰਾਂ ਦੁਆਰਾ ਵਿਚਾਰ ਸ਼ੁਰੂ ਕਰ ਦਿੱਤੀ ਗਈ ਜਦ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਇਕਬਾਲ ਸਿੰਘ ਉਨਾ ਦੀ ਅੰਮਿ੍ਰਤਸਰ ਵਿਚਲੀ ਰਿਹਾਇਸ਼ ਤੇ ਆ ਗਏ।ਗਿਆਨੀ ਗੁਰਮੁਖ ਸਿੰਘ ਅਨੁਸਾਰ ਜਥੇਦਾਰਾਂ ਦੀ ਇਸ ਗਲਬਾਤ ਦੌਰਾਨ ਹੀ ਸੁਖਬੀਰ ਸਿੰਘ ਬਾਦਲ ਦਾ ਫੋਨ ਗਿਆਨੀ ਗੁਰਬਚਨ ਸਿੰਘ ਦੇ ਮੌਬਾਇਲ ਤੇ ਆਇਆ,ਮੇਰੀ ਵੀ ਸੁਖਬੀਰ ਸਿੰਘ ਬਾਦਲ ਨਾਲ ਗਲ ਕਰਵਾਈ ਗਈ। ਸ੍ਰ ਬਾਦਲ ਵਾਰ ਵਾਰ ਮੈਨੂੰ ਅੜੀ ਨਾ ਕਰਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪ੍ਰਕਿਕਿਆ ਵਿਚ ਸਹਾਇਤਾ ਦੇਣ ਦੀ ਗਲ ਮਨ ਲੈਣ ਤੇ ਜ਼ੋਰ ਦਿੰਦੇ ਰਹੇ। ਗਿਆਨੀ ਗੁਰਮੁਖ ਸਿੰਘ ਅਨੁਸਾਰ ਇਸੇ ਦੌਰਾਨ ਸੁਖਬੀਰ ਬਾਦਲ ਦੇ ਇੱਕ ਨਿੱਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਉਨਾ ਦੀ ਰਿਹਾਇਸ਼ ਤੇ ਆ ਗਏ ਤੇ ਉਨਾ ਤੇ ਦਬਾਅ ਬਣਾਉਣ ਦਾ ਸਿਲਸਲਾ ਤੇਜ਼ ਹੁੰਦਾ ਗਿਆ।

ਨਿਜੀ ਤੌਰ ਤੇ ਦਬਾਅ ਬਣਾਉਣ ਦੇ ਨਾਲ ਨਾਲ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਫੋਨ ਤੇ ਗਲ ਕਰਵਾਉਣਾ ਦੇਰ ਰਾਤ ਤਕ ਜਾਰੀ ਰਿਹਾ।ਮੈਨੂੰ ਵਾਰ ਵਾਰ ਕਹਿ ਰਹੇ ਸਨ ਕਿ ਜਦ ਬਾਕੀ ਸਿੰਘ ਸਾਹਿਬ ਮੰਨ ਗਏ ਤੁਸੀ ਕਿਉ ਨਹੀ ਮੰਨ ਰਹੇ।24 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾ ਦੀ ਮੀਟਿੰਗ ਸ਼ੁਰੂ ਹੋਈ। ਉਥੇ ਪੰਜਾਬੀ ਵਿਚ ਲਿਖਿਆ ਇਕ ਪੱਤਰ ਸਾਨੂੰ ਦਿਖਾਇਆ ਗਿਆ ਜਿਸ ਬਾਰੇ ਅਸੀ ਵਿਚਾਰ ਕਰਨੀ ਸੀ।ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੱਤਰ ਲਿਆਉਣ ਦਾ ਇਕ ਵਿਧੀ ਵਿਧਾਨ ਹੈ ਪੱਤਰ ਕੋਣ ਲੈ ਕੇ ਆਇਆ ਕਿਸ ਨੇ ਪੱਤਰ ਪ੍ਰਾਪਤ ਕੀਤਾ, ਇਕ ਰਜਿਸਟਰ ਤੇ ਨੋਟ ਕੀਤਾ ਜਾਦਾ ਹੈ ਤੇ ਹੁਣ ਤਾ ਉਸ ਦੀ ਤਸਵੀਰ ਵੀ ਲਈ ਜਾਦੀ ਹੈ। ਇਹ ਗਿਆਨੀ ਗੁਰਬਚਨ ਸਿੰਘ ਦਸ ਸਕਦੇ ਹਨ ਕਿ ਸਿਰਸਾ ਡੇਰਾ ਮੁਖੀ ਦਾ ਇਹ ਪੱਤਰ ਉਨਾ ਨੂੰ ਕੋਣ ਦੇ ਕੇ ਗਿਆ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ 24 ਸਤੰਬਰ ਦੀ ਮੀਟਿੰਗ ਵਿਚ ਹਰ ਮਨ ਵਿਚ ਚਿੰਤਾ ਸੀ ਕਿ ਪਾਵਨ ਤਖ਼ਤਾ ਤੋ ਕੌਮ ਬਾਗੀ ਹੋ ਜਾਵੇਗੀ, ਪ੍ਰੈਸ਼ਰ ਇਨਾ ਜਿਆਦਾ ਸੀ ਕਿ ਮੈ ਦਸ ਵੀ ਨਹੀ ਸਕਦਾ। ਸਮਝ ਨਹੀ ਆ ਰਹੀ ਸੀ ਕਿ ਇਨੇ ਦਬਾਅ ਵਿਚ ਵੀ ਸਾਨੂੰ ਸੇਵਾ ਕਰਨੀ ਪੈ ਸਕਦੀ ਹੈ। ਮੀਟਿੰਗ ਸ਼ੁਰੂ ਹੋਈ। ਲੰਮਾ ਸਮਾ ਵਿਚਾਰ ਹੋਈ ਕਿ ਇਸ ਪੱਤਰ ਦਾ ਕਰਨਾ ਕੀ ਹੈ। 2007 ਤੋ ਲੈ ਕੇ ਹੁਣ ਤਕ ਸਾਰਾ ਮਾਮਲਾ ਫਿਰ ਤੋ ਪੜਿਆ ਗਿਆ। ਕੇਸ ਕਿਵੇ ਚਲਿਆ, ਡੇਰਾ ਸਿਰਸਾ ਨਾਲ ਸੰਬਧਤ ਫਾਇਲ ਵਿਚ ਤਿੰਨ ਪੱਤਰਕਾਵਾ ਪਹਿਲਾ ਹੀ ਮੌਜੂਦ ਸਨ। ਆਖਿਰ ਫੈਸਲਾ ਹੋਇਆ ਕਿ ਪੱਤਰ ਪ੍ਰਵਾਨ ਕੀਤਾ ਜਾਵੇ ਮੁਆਫੀ ਨਹੀ ਦਿੱਤੀ ਪੱਤਰ ਹੀ ਪ੍ਰਵਾਨ ਕੀਤਾ ਸੀ। ਅਖਬਾਰਾ ਲਈ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਸੀ ਕਿ ਪੱਤਰ ਪ੍ਰਵਾਨ ਕੀਤਾ ਜਾਦਾ ਹੈ ਪਰ ਅਖਬਾਰਾ ਨੇ ਇਸ ਪ੍ਰਵਾਨਗੀ ਨੂੰ ਮੁਆਫੀ ਦਾ ਨਾਮ ਦੇ ਦਿੱਤਾ, ਤੇ ਇਸ ਨੂੰ ਬਿਨਾ ਮੰਗੀ ਮੁਆਫੀ ਛਾਪ ਦਿੱਤਾ। ਪੰਥ ਵਿਚ ਰੋਸ ਫੈਲ ਗਿਆ। ਸਾਡਾ ਸ਼ਪਸਟੀਕਰਨ ਸੁਨਣ ਲਈ ਕੋਈ ਤਿਆਰ ਨਹੀ ਸੀ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਕੌਮ ਵਿਚ ਤਨਾਅ ਤੇ ਜਥੇਦਾਰਾ ਨਾਲ ਦੂਰੀ ਵਧ ਗਈ ਸਾਨੂੰ ਜਨਤਕ ਤੌਰ ਤੇ ਸੰਗਤੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਧਾਰਮਿਕ ਸਮਾਗਮਾ ਵਿਚ ਸਾਡੀ ਸ਼ਮੂਲੀਅਤ ਖਤਮ ਹੋ ਗਈ ਜਥੇਦਾਰ ਪ੍ਰਭਾਵਹੀਣ ਹੋ ਗਏ। ਉਨਾਂ ਦੱਸਿਆ ਕਿ ਇਸ ਦੌਰਾਨ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗਲਬਾਤ ਹੋਈ ਕਿ ਪੰਥ ਨੂੰ ਦਸੋ ਕਿ ਚਿਠੀ ਲੈ ਕੇ ਕੋਣ ਆਇਆ। ਸ੍ਰ ਬਾਦਲ ਨੇ ਕਿਹਾ ਕਿ 2 ਦਿਨਾ ਵਿਚ ਸ਼ਪਸਟ ਕਰ ਦਿਆਗੇ ਕਿ ਤੁਸੀ ਚਿਠੀ ਨਹੀ ਲਿਆਏ।ਉਨਾਂ ਦੱਸਿਆ ਕਿ ਮੈ ਵਾਰ ਵਾਰ ਹਰ ਜਥੇਦਾਰ ਅਕਾਲੀ ਆਗੂ ਨੂੰ ਚਿਠੀ ਮਾਮਲੇ ਤੇ ਸੱਚ ਸੰਗਤਾ ਦੇ ਅਗੇ ਰਖਣ ਲਈ ਕਹਿੰਦਾ ਰਿਹਾ ਪਰ ਮੇਰੀ ਕਿਸੇ ਨੇ ਨਹੀ ਸੁਣੀ। ਮੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਦ ਕਮਰਾ ਮੀਟਿੰਗਾ ਨਾ ਕਰਨ ਲਈ ਸਾਥੀ ਜਥੇਦਾਰਾ ਨੂੰ ਮਨਾਉਦਾ ਰਿਹਾ।

ਗਿਆਨੀ ਗੁਰਮੁੱਖ ਸਿੰਘ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਚੋਣਾ ਦੋਰਾਣ 1 ਫਰਵਰੀ ਨੂੰ ਡੇਰਾ ਸਿਰਸਾ ਨੇ ਵਿਧਾਨ ਸਭਾ ਚੋਣਾ ਵਿਚ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਣ ਕੀਤਾ ।ਇਸ ਤੋ ਬਾਅਦ ਦਿਲੀ ਕਮੇਟੀ ਦੇ ਸ੍ਰ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੂੰ ਫੋਨ ਆਇਆ ਕਿ ‘ਚੋਣਾ ਦਾ ਸਮਾ ਹੈ ਤੇ ਸਾਨੂੰ ਡੇਰਾ ਸਿਰਸਾ ਕੋਲੋ ਸਮਰਥਨ ਪੈਣਾ ਪੈ ਰਿਹਾ ਹੈ’।2 ਫਰਵਰੀ ਨੂੰ ਫਿਰ ਸ੍ਰ ਸਿਰਸਾ ਨੇ ਫੋਨ ਕੀਤਾ ਤੇ ਕਿਹਾ ਕਿ ਤੁਸੀ ਕਾਇਮ ਰਹਿਣਾ ਅਸੀ ਮਜਬੂਰੀ ਵਸ ਡੇਰੇ ਦਾ ਸਮਰਥਨ ਲਿਆ ਹੈ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸ੍ਰ ਸਿਰਸਾ ਨੂੰ ਦਸਿਆ ਕਿ ਹੁਣ ਕਾਇਮ ਰਹਿਣ ਦੀ ਸ਼ਕਤੀ ਨਹੀ ਰਹੀ। ਸ੍ਰ ਸਿਰਸਾ ਨੇ ਕਿਹਾ ਕਿ ‘ਮੈ ਸਮਝਦਾ ਹਾ ਪਰ ਬੋਸ ਨਹੀ ਮੰਨਦਾ’। ਬੋਸ ਤੋ ਭਾਵ ਸੁਖਬੀਰ ਸਿੰਘ ਬਾਦਲ।

ਗਿਆਨੀ ਗੁਰਮੁੱਖ ਸਿੰਘ ਨੇ ਦਸਿਆ ਕਿ 3 ਫਰਵਰੀ ਨੂੰ ਉਨਾਂ ਨਿਜੀ ਚੈਨਲਾ ਤੇ ਆਪਣੇ ਵਿਚਾਰ ਦਿੱਤੇ ਜਿਸ ਤੋ ਬਾਅਦ ਸਿਰਸਾ ਦਾ ਫਿਰ ਫੋਨ ਆਇਆ ਕਿ ‘ਤੁਸੀ ਸਾਡੇ ਨਾਲ ਨਹੀ ਖੜੇ ਹੁਣ ਜਥੇਦਾਰੀ ਦੀ ਵੀ ਆਸ ਨਾ ਰਖੋ’।ਮੈਂ ਜਵਾਬ ਦਿੱਤਾ ‘ਇਹ ਜਥੇਦਾਰੀਆ ਗੁਰੂ ਪੰਥ ਦੀ ਬਖਸ਼ਿਸ਼ ਹਨ ਮੈ ਤੁਹਾਡੇ ਨਿਜੀ ਕਾਰਖਾਨੇ ਵਿਚ ਕੰਮ ਨਹੀ ਕਰਦਾ ਜੋ ਕਿਹਾ ਨਾ ਮੰਨਣ ਕਰਕੇ ਤੁਸੀ ਮੈਨੂੰ ਹਟਾ ਦਿਓਗੇ’।ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਹੈ ਕਿ ਉਨਾਂ ਸਭ ਕੁਝ ਸਪਸ਼ਟ ਕਰ ਦਿੱਤਾ ਹੈ ਤੇ ਹੁਣ ਫੈਸਲਾ ਪੰਥ ਨੇ ਲੈਣਾ ਹੈ। ਉਨਾਂ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪਿਛਲੀਆ ਭੁਲਾ ਮੰਨ ਕੇ ਪੰਥ ਦੀ ਸ਼ਰਨ ਵਿਚ ਆ ਜਾਣ।Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।