Singh Sabha-U.S.A.
News

ਫ਼ਰੀਦਾਬਾਦ ਵਿਖੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਮਨਾਇਆ ਹੋਲਾ ਮਹੱਲਾ
   Apr 14,2017

 

  • ਲ਼ੱਚਰ ਗਾਇਕੀ ਦਾ ਲਾਜਵਾਬ ਬਦਲ ਪੇਸ਼ ਕੀਤਾ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਨੇ

(ਜਸਪ੍ਰੀਤ ਕੌਰ ਫਰੀਦਾਬਾਦ :  ਅਪ੍ਰੈਲ ੨੦੧੭) : ਹਰ ਸਾਲ ਵਾਂਗ ਇਸ ਸਾਲ ਵੀ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਨਵੇਕਲੇ ਢੰਗ ਨਾਲ ਹੋਲਾ ਮਹੱਲਾ ਮਨਾਇਆ ਗਿਆ।ਜਿਸ ਦੀ ਅਰੰਭਤਾ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦੇ ਵਿਦਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਕੀਤੀ ਗਈ।ਮਾਤਾ ਸਾਹਿਬ ਕੌਰ ਗੁਰਮਤਿ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਸ. ਕ੍ਰਿਪਾਲ ਸਿੰਘ ਨੇ ਸੰਗਤਾਂ ਨੂੰ 'ਜੀ ਆਇਆਂ' ਆਖਿਆ ਅਤੇ ਜਨਰਲ ਸਕੱਤਰ ਸ. ਉਪਕਾਰ ਸਿੰਘ ਫਰੀਦਾਬਾਦ ਨੇ ਸਟੇਜ ਸੰਚਾਲਕ ਦੀ ਸੇਵਾ ਨਿਭਾਈ, ਜਿਸ ਨੂੰ ਚੰਗੀ ਤਰ੍ਹਾਂ ਨਿਭਾਉਣ ਵਿਚ ਸ. ਭੁਪਿੰਦਰ ਸਿੰਘ ਫਰੀਦਾਬਾਦ ਨੇ ਭਰਪੂਰ ਸਹਿਯੋਗ ਦਿੱਤਾ।  ਉਪਰੰਤ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫਰੀਦਾਬਾਦ ਦੇ ਹੈਡ ਪ੍ਰਚਾਰਕ ਬੀਬੀ ਪਰਮਜੀਤ ਕੌਰ (ਅੰਮ੍ਰਿਤਸਰ) ਵੱਲੋਂ ਗੁਰਬਾਣੀ ਦੇ ਪਰਿਪੇਖ ਵਿਚ ਮਨੁੱਖੀ ਅਧਿਕਾਰਾਂ ਉਤੇ ਚਾਨਣਾ ਪਾਇਆ ਗਿਆ। ਨਿੱਕੀ ਬੱਚੀ ਜਪਨੂਰ ਕੋਰ ਅੰਮ੍ਰਿਤਸਰ ਵੱਲੋਂ ਸੁਣਾਈ ਕਵਿਤਾ ਵਿਚ ਬਾਬੇ ਨਾਨਕ ਅੱਗੇ ਪੁਕਾਰ ਕਰਦਿਆਂ ਦਸਿਆਂ ਕਿ ਕਿਸ ਤਰ੍ਹਾਂ ਤੇਰੇ ਸਿੱਖਾਂ ਨੇ ਸਿੱਖੀ ਨੂੰ ਕਿਥੇ ਕਿਥੇ ਦਾਗ ਲਾਇਆ ਨੇ ਸ੍ਰੋਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ।

ਇਸ ਮੌਕੇ ਅੰਮ੍ਰਿਤਸਰ ਤੋਂ ਪੁੱਜੇ ਵੀਰ ਰਾਜਬੀਰ ਸਿਘ ਰਿਕਸ਼ਾ ਚਾਲਕ ਨੇ ਅਪਣੀ ਪੁਸਤਕ 'ਰਿਕਸ਼ੇ 'ਤੇ ਚਲਦੀ ਜਿੰਦਗੀ' ਉਤੇ ਚਾਨਣਾ ਪਾਇਆ, ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਤੋਂ ਬਾਦ ਬੀਬੀ ਅਮਰਜੀਤ ਕੋਰ ਐਡਵੋਕੇਟ ਨੇ ਸੰਵਿਧਾਨ ਮੁਤਾਬਕ ਮਨੁੱਖੀ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ ਗਈ। ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਬਲੱਬਗੜ ਜਿੱਥੇ ਬੀਬੀਆਂ ਪ੍ਰਬੰਧ ਸੰਭਾਲਦੀਆਂ ਹਨ ਉਨ੍ਹਾਂ ਨੂੰ ਵੀ ਸੰਗਤ ਦੇ ਰੂ-ਬ-ਰੂ ਕਰਵਾਇਆ ਅਤੇ ਸਨਮਾਨਤ ਕੀਤਾ ਗਿਆ।

ਸ. ਦੀਦਾਰ ਸਿੰਘ ਫਰੀਦਾਬਾਦ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲਾਏ ਜਾ ਰਹੇ ਟਿਯੂਸ਼ਨ ਸੈਂਟਰ, ਮਾਰਸ਼ਲ ਆਰਟ ਅਤੇ ਜੀਵਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਉੜਤਾ ਪੰਜਾਬ ਨਾਂ 'ਤੇ ਕੋਰਿਉਗ੍ਰਾਫੀ ਰਾਹੀਂ ਪਹਿਲਾਂ ਵਾਲਾ ਰੰਗਲਾ ਪੰਜਾਬ ਅਤੇ ਅੱਜ ਨਸ਼ਿਆਂ ਅਤੇ ਸਮਾਜਕ ਬੁਰਾਈਆਂ ਵਿਚ ਲਿਪਤ ਪੰਜਾਬ ਨੂੰ ਕੋਰਿਉਗ੍ਰਾਫੀ ਰਾਹੀਂ ਵਿਖਾਇਆ ਗਿਆ ਜਿਸ ਨੂੰ ਵੇਖਦੇ ਸਾਰ ਹੀ ਪੰਜਾਬ ਦੀਆਂ ਤਸਵੀਰਾਂ ਅੱਖਾਂ ਸਾਹਮਣੇ ਆ ਗਈਆਂ। ਮਿੱਠੀ ਅਵਾਜ ਵਿਚ ਨਿੱਕੇ ਕਲਾਕਾਰਾਂ ਵੱਲੋੰ ਸੱਭਿਅਕ ਗੀਤ ਪੇਸ਼ ਕੀਤੇ ਗਏ।ਸਮਾਗਮ ਵਿਚ ਉਚੇਚੇ ਸੱਦੇ' ਤੇ ਪੁੱਜੇ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਅਤੇ ਸੰਚਾਲਕ ਵੀਰ ਗੁਰਸੇਵਕ ਸਿੰਘ ਮਦਰੱਸਾ ਵੱਲੋਂ ਸਾਫ ਸੁਥਰੀ ਗੀਤਕਾਰੀ ਰਾਹੀਂ ਲੱਚਰ ਤੇ ਭੱਦੀ ਗਾਇਕੀ ਦਾ ਬਦਲ ਪੇਸ਼ ਕੀਤਾ ਗਿਆ।ਜਿਸ ਵਿਚ  ਉਚਾ ਕਿਰਦਾਰ, ਪੱਗ ਸਰਦਾਰੀ, ਰੰਗਲਾ ਪੰਜਾਬ, ਮਾਂ ਬੋਲੀ ਪੰਜਾਬੀ, ਨਸ਼ੇ, ਪਰਵਾਰਕ ਰਿਸ਼ਤਿਆਂ ਆਦਿ ਵਿਸ਼ਿਆਂ ਉਤੇ ਗੀਤ ਤੇ ਗਜਲਾਂ ਪੇਸ਼ ਕੀਤੀਆਂ।ਇਸ ਮੌਕੇ ਕਰਨਲ ਗੁਰਦੀਪ ਸਿੰਘ ਦੀ ਨਵੀਂ ਪੁਸਤਕ 'ਗੁਰੂ ਗ੍ਰ੍ਰੰਥ ਸਾਹਿਬ ਤੇ ਵਿਸ਼ਵ ਸ਼ਾਂਤੀ' ਭਾਗ ੪ ਵੀ ਰਿਲੀਜ਼ ਕੀਤੀ ਗਈ। ਇਸ ਤੋਂ ਬਾਦ ਵੀਰ ਭੁਪਿੰਦਰ ਸਿੰਘ ਯੂ.ਐਸ.ਏ ਨੇ ਗੁਰਬਾਣੀ ਅਨੁਸਾਰ ਜੀਵਨ ਜਾਂਚ ਬਾਰੇ ਵਿਚਾਰ ਰੱਖੇ, ਇਸ ਦੌਰਾਨ ਸੰਗਤਾਂ ਵੱਲੋਂ ਸਵਾਲ-ਜਵਾਬ ਵੀ ਕੀਤੇ ਗਏ।

ਗੁਰੁ ਨਾਨਕ ਮਿਸ਼ਨ ਗੱਤਕਾ ਅਖਾੜਾ ਫ਼ਰੀਦਾਬਾਦ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ।ਇਸ ਮੌਕੇ ਗੁਰਮਤਿ ਗਿਆਨ ਭਰਪੂਰ ਪੁਸਤਕਾਂ ਦਾ ਸਟਾਲ ਵੀ ਲਾਇਆ ਗਿਆ। ਬਲੱਭਗੜ ਅਤੇ ਫਰੀਦਾਬਾਦ ਇਲਾਕੇ ਤੋਂ ਲਗਭਗ ੧੫ ਸਿੰਘ ਸਭਾ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਅਤੇ ਮੈਂਬਰਜ਼ ਹਾਜ਼ਰ ਸਨ। ਯੰਗ ਸਿੱਖ ਐਸੋਸਿਏਸ਼ਨ ਦੇ ਸ. ਗੁਰਿੰਦਰ ਸਿੰਘ, ਜਤਿੰਦਰ ਸਿੰਘ, ਜਸਪ੍ਰੀਤ ਕੌਰ,  ਅਤੇ ਕਈ ਨੌਜਵਾਨ ਸਾਥੀਆਂ ਵੱਲੋਂ ਵੱਖ ਵੱਖ ਸੇਵਾਵਾਂ ਵਿਚ ਹਿੱਸਾ ਪਾਇਆ ਗਿਆ।ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਵੱਲੋਂ ਚਲਾਏ ਜਾ ਰਹੇ ਟਿਯੂਸ਼ਨ ਸੈਂਟਰ ਵਿਚ ਵਿਸ਼ੇਸ਼ ਸੇਵਾਵਾਂ ਦੇ ਰਹੇ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਆਗੂ ਸ. ਬਲਦੇਵ ਸਿੰਘ ਵੀ ਦਿੱਲੀ  ਤੋਂ ਬਸ ਲੈ ਕੇ ਆਪਣੇ ਸਾਥੀਆਂ ਸਮੇਤ ਪੁੱਜੇ। ਦਲਿਤ ਵਰਗ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨ ਵਾਲੇ ਵੀਰ ਨਿਰੰਜਨ ਸਿੰਘ ਨੇ ਵੀ ਪਿੰਡਾਂ ਵਿਚੋਂ ਇਸ ਵਰਗ ਦੇ ਲੋਕਾਂ ਨੂੰ ਲਿਆਉਣ ਦੀ ਸੇਵਾ ਨਿਭਾਈ। ਇਸ ਕਾਰਜ ਨੂੰ ਨੇਪਰੇ ਚਾੜਨ ਵਿਚ ਵਿਚ ਜਿਥੇ ਸੰਗਤਾਂ ਵੱਲੋਂ ਮਾਇਕ ਸਹਿਯੋਗ ਮਿਲਿਆ ਉਥੇ ਵੱਖ ਵੱਖ ਗੁਰਦੁਆਰਾ ਕਮੇਟੀਆਂ ਨੇ ਵੀ ਭਰਪੂਰ ਸਹਿਯੋਗ ਦਿੱਤਾ ।


 Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।