Singh Sabha-U.S.A.
News

ਨਸ਼ਾਬੰਦੀ ਕਾਰਨ ਚਿੱਟੇ ਦੀ ਤਿੰਨ ਸੌ ਵਾਲੀ ਪੂੜੀ ਪੰਜ ਹਜ਼ਾਰ ਦੀ ਹੋਈ ਨਸ਼ਈਆ ਨੇ ਰਵਾਇਤੀ ਨਸ਼ਿਆ ਵੱਲ ਮੋੜੀਆ ਮੁਹਾਰਾਂ
   Mar 28,2017

 

ਅੰਮ੍ਰਿਤਸਰ 26 ਮਾਰਚ (ਜਸਬੀਰ ਸਿੰਘ ਪੱਟੀ) ਪੰਜਾਬ ਦੀ ਕੈਪਟਨ ਸਰਕਾਰ ਵੱਲੋ ਨਸ਼ਿਆ ਨੂੰ ਸਰਕਾਰ ਬਣਨ ਉਪਰੰਤ ਚਾਰ ਹਫਤਿਆ ਵਿੱਚ ਖਤਮ ਕਰਨ ਦੇ ਕੀਤੇ ਵਾਅਦੇ ਨੂੰ ਅਮਲੀਜਾਮਾ ਪਹਿਨਾਉਣ ਲਈ ਚਲਾਈ ਗਈ ਮੁਹਿੰਮ ਦੇ ਚੰਗੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ ਤੇ ਸਰਹੱਦੀ ਖੇਤਰ ਵਿੱਚੋ ਚਿੱਟੇ ਦੀ ਸਪਲਾਈ ਬੰਦ ਹੋਣ ਨਾਲ ਨਸ਼ੇ ਦੀ 300 ਰੁਪਏ ਵਾਲੀ ਪੂੜੀ ਹੁਣ ਪੰਜ ਹਜ਼ਾਰ ਵਿੱਚ ਮਿਲਣੀ ਸ਼ੁਰੂ ਹੋ ਗਈ ਜਿਸ ਕਾਰਨ ਨਸ਼ਈਆ ਨੂੰ ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਮੁੜ ਰਵਾਇਤੀ ਨਸ਼ਿਆ ਵੱਲ ਆਉਣਾ ਪੈ ਰਿਹਾ ਹੈ ਤੇ ਉਹ ਮੈਡੀਕਲ ਸਟੋਰਾਂ ਤੋ ਨਸ਼ੇ ਵਾਲੀਆ ਦਵਾਈਆ ਲੈਣ, ਸ਼ਰਾਬ ਤੇ ਭੰਗ ਪੀਣ ਲੱਗ ਪਏ ਹਨ। ਸਰਹੱਦੀ ਖੇਤਰ ਦੇ ਕੁਝ ਲੋਕਾਂ ਨਾਲ ਰਾਬਤਾ ਕਾਇਮ ਕਰਨ ਤੇ ਪਤਾ ਲੱਗਾ ਹੈ ਕਿ ਨਸ਼ਿਆ ਦੇ ਵੱਡੇ ਸਮੱਗਲਰ ਪੁਲੀਸ ਵੱਲੋ ਕੀਤੀ ਗਈ ਢਿੰਬਰੀ ਟੈਟ ਕਰਨ ਤੋ ਬਾਅਦ ਪੰਜਾਬ ਤੋ ਬਾਹਰ ਹਿਜਰਤ ਕਰ ਗਏ ਹਨ ਤੇ ਕੁਝ ਲੋਕ ਨਸ਼ੇ ਦਾ ਧੰਦਾ ਛੱਡ ਕੇ ਘਰਾਂ ਵਿੱਚ ਬੈਠ ਗਏ ਅਤੇ ਉਹ ਨਸ਼ਿਆ ਦੇ ਵਪਾਰੀ ਹੁਣ ਨਸ਼ਿਆ ਦੇ ਵਿਰੁੱਧ ਪ੍ਰਚਾਰ ਕਰਨ ਲੱਗ ਪਏ ਹਨ। ਸਰਹੱਦੀ ਖੇਤਰ ਦੇ 70 ਫੀਸਦੀ ਨੌਜਵਾਨ ਨਸ਼ਿਆ ਦੀ ਲਤ ਵਿੱਚ ਫਸ ਚੁੱਕੇ ਹਨ ਤੇ ਬਾਦਲ ਰਾਜ ਸਮੇ ਨਸ਼ੇ ਹਰ ਤੀਸਰੇ ਘਰ ਪੁੱਜ ਗਏ ਸਨ ਅਤੇ ਬਾਦਲ ਸਰਕਾਰ ਦੇ ਇੱਕ ਮੰਤਰੀ ਤੇ ਨਸ਼ਾ ਤਸਕਰਾਂ ਦਾ ਸਰਗਣਾ ਹੋਣ ਦੇ ਦੋਸ਼ ਵੀ ਲੱਗਦੇ ਰਹੇ ।


ਸਰਹੱਦੀ ਖੇਤਰ ਦੇ ਨੌਜਵਾਨ ਬੁਰੀ ਤਰਾ ਨਸ਼ਿਆ ਤੋਂ ਪ੍ਰਭਾਵਤ ਹੋਣ ਕਾਰਨ ਕਈਆ ਦੀ ਤਾਂ ਨਸ਼ੇ ਵਾਲੇ ਟੀਕੇ ਲਗਾਉਣ ਸਮੇਂ ਹੀ ਮੌਤਾਂ ਵੀ ਹੋ ਗਈਆ ਸਨ ਜਿਹਨਾਂ ਮਾਪੇ ਸੱਚਾਈ ਦੱਸਣ ਤੋ ਵੀ ਕੰਨੀ ਕਤਰਾਉਦੇ ਸਨ। ਸਰਹੱਦੀ ਪਿੰਡ ਭਿੱਟੇਵੱਡ ਦੇ ਇੱਕ ਵਸਨੀਕ ਨੇ ਦੱਸਿਆ ਕਿ ਇਸ ਪਿੰਡ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਸੁਰਜੀਤ ਸਿੰਘ ਭਿੱਟੇਵੱਡ ਵੀ ਨਸ਼ਿਆ ਦੇ ਦਰਿਆ ਵਿੱਚ ਡੁੱਬਦੀ ਜਾ ਰਹੀ ਪੀ
ੜੀ ਨੂੰ ਬਚਾਉਣ ਲਈ ਕਾਫੀ ਯਤਨਸ਼ੀਲ ਹਨ ਪਰ ਨਸ਼ੇ ਦੇ ਤਸਕਰ ਉਹਨਾਂ ਦੀ ਮੁਹਿੰਮ ਤੇ ਭਾਰੂ ਪੈ ਜਾਂਦੇ ਰਹੇ ਹਨ। ਪਿੰਡ ਦੇ ਇਸ ਪਤਵੰਤੇ ਨੇ ਦੱਸਿਆ ਕਿ ਇਸ ਵੇਲੇ ਪਿੰਡ ਦੇ ਤਿੰਨ ਦਰਜਨ ਨੌਜਵਾਨ ਨਸ਼ੇ ਦੀ ਦਲ-ਦਲ ਵਿੱਚ ਪੂਰੀ ਫਸ ਚੁੱਕੇ ਹਨ ਤੇ ਕਈ ਤਾਂ ਆਪਣੀਆ ਜ਼ਮੀਨਾਂ ਦੇ ਟੁੱਕੜੇ ਵੀ ਨਸ਼ਿਆ ਦੀ ਲਤ ਪੂਰੀ ਕਰਨ ਲਈ ਵੇਚ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋ ਨਸ਼ਾਬੰਦੀ ਕਰਨ ਦਾ ਉਪਰਾਲਾ ਤਾਂ ਠੀਕ ਹੈ ਪਰ ਇਹ ਕਾਮਯਾਬ ਕਿੰਨਾ ਕੁ ਹੁੰਦਾ ਹੈ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ।

ਇਸੇ ਤਰਾਂ ਸਿੱਖਾਂ ਦੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਪਿੰਡ ਬਾਸਰਕੇ ਭੈਣੀ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਕੈਪਟਨ ਸਰਕਾਰ ਤੋ ਬਾਅਦ ਪੁਲੀਸ ਵੀ ਉਹੀ ਹੈ ਤੇ ਅਫਸਰਸ਼ਾਹੀ ਵੀ ਉਹੀ ਹੈ ਪਰ ਜਿਹੜੀ ਪੁਲੀਸ ਨਸ਼ਿਆ ਦੇ ਸਮੱਗਲਰਾਂ ਦੀ ਪੁਸ਼ਤਪਨਾਹੀ ਕਰਕੇ ਨਸ਼ੇ ਵਿਕਵਾਉਣ ਵਿੱਚ ਮਦਦਗਾਰ ਹੁੰਦੀ ਸੀ ਉਸੇ ਪੁਲੀਸ ਨੇ ਨਸ਼ਿਆ ਦੇ ਵਪਾਰੀਆ ਵਿਰੁੱਧ ਸ਼ਿਕੰਜਾ ਕੱਸ ਦਿੱਤਾ ਹੈ। ਉਹਨਾਂ ਕਿਹਾ ਕਿ ਪੁਲੀਸ ਨੇ ਆਪਣੇ ਸਾਥੀ ਸਮੱਗਲਰਾਂ ਨੂੰ ਸਰਕਾਰ ਵੱਲੋ ਨਸ਼ਾਬੰਦੀ ਕਰਨ ਦੇ ਲਏ ਗਏ ਫੈਸਲੇ ਦੀ ਜਾਣਕਾਰੀ ਸਮੱਗਲਰਾਂ ਨੂੰ ਦੇ ਦਿੱਤੀ ਹੈ ਤੇ ਉਹਨਾਂ ਨੂੰ ਕੁਝ ਦਿਨਾਂ ਲਈ ਇਲਾਕਾ ਛੱਡ ਕੇ ਦੂਰ ਦੁਰਾਡੇ ਜਾਣ ਦੀ ਸਲਾਹ ਦੇ ਦਿੱਤੀ ਹੈ ਤੇ ਵੱਡੇ ਸਮੱਗਲਰ ਲੱਗਪੱਗ ਸਾਰੇ ਹੀ ਰੂਪੋਸ਼ ਹੋ ਗਏ ਜਿਸ ਕਾਰਨ ਚਿੱਟੇ ਦੀ ਸਪਲਾਈ ਬੰਦ ਕਾਰਨ ਨਸ਼ੇ ਦੀ ਪੂੜੀ ਜਿਹੜੀ ਇਸ ਤੋ ਪਹਿਲਾਂ 300 ਰੁਪਏ ਵਿੱਚ ਮਿਲ ਜਾਂਦੀ ਸੀ ਉਹ ਹੁਣ ਪੰਜ ਹਜ਼ਾਰ ਵਿੱਚ ਮਿਲਦੀ ਹੈ ਜਿਸ ਕਾਰਨ ਨਸ਼ਈਆ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਅਮਲੀ ਹੁਣ ਚਿੱਟਾ ਨਾ ਮਿਲਣ ਕਾਰਨ ਭੰਗ,ਡਰੱਗ, ਕੈਪਸੂਲ ਤੇ ਸ਼ਰਾਬ ਵਾਲੇ ਪਾਸੇ ਹੋ ਗਏ ਹਨ ਜਿਹਨਾਂ ਨੂੰ ਇਲਾਜ ਦੀ ਸਖਤ ਜਰੂਰਤ ਹੈ। ਇਹਨਾਂ ਨਸ਼ਈਆ ਵਿੱਚ ਕਈ ਅੱਛੇ ਅੱਛੇ ਘਰਾਂ ਦੇ ਮੁੰਡੇ ਕੁੜੀਆ ਵੀ ਸ਼ਾਮਲ ਹਨ ਜਿਹਨਾਂ ਮਾਪੇ ਆਪਣੇ ਬੱਚਿਆ ਨੂੰ ਨਸ਼ਿਆ ਤੋ ਵਰਜ ਰਹੇ ਪਰ ਸ਼ਰਮ ਦਾ ਮਾਰੇ ਨਸ਼ਾ ਛੁਡਾਉਣ ਕੇਂਦਰਾਂ ਵਿੱਚ ਜਾਣ ਤੋ ਸੰਕੋਚ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਨਸ਼ੇ ਬੰਦ ਕਰਨ ਤੋ ਪਹਿਲਾਂ ਪੋਲਿਉ ਦੇ ਖਾਤਮੇ ਦੀ ਤਰਾਂ ਸਰਕਾਰ ਨੂੰ ਘਰ ਘਰ ਜਾ ਕੇ ਨਸ਼ਈਆ ਦਾ ਪਤਾ ਕਰਕੇ ਉਹਨਾਂ ਨੂੰ ਮੁੜ ਵਸੇਬਾ ਸੈਂਟਰਾਂ ਵਿੱਚ ਭਰਤੀ ਕਰਨਾ ਚਾਹੀਦਾ ਹੈ। ਚਿੱਟਾ ਬੰਦ ਹੋਣ ਨਾਲ ਨਸ਼ਾ ਬੰਦ ਨਹੀ ਹੋ ਸਕੇਗਾ ਜਿੰਨਾ ਚਿਰ ਤੱਕ ਨਸ਼ਈਆ ਦਾ ਇਲਾਜ ਨਹੀ ਹੁੰਦਾ। ਦੂਸਰੇ ਪਾਸੇ ਜਿਲੇ ਭਰ ਵਿੱਚ ਸਿਵਲ ਤੇ ਪੁਲੀਸ ਦੇ ਅਧਿਕਾਰੀਆ ਦੀ ਨਸ਼ਾਬੰਦੀ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤੇ ਮੁੱਖ ਮੰਤਰੀ ਵੱਲੋ ਸਖਤ ਰੁਖ ਅਪਨਾਏ ਗਏ ਕਿ ਜਿਸ ਵੀ ਖੇਤਰ ਵਿੱਚ ਨਸ਼ਾ ਫੜਿਆ ਗਿਆ ਉਸ ਇਲਾਕੇ ਦੇ ਐਸ.ਐਸ.ਓ ਤੇ ਐਸ.ਐਸ.ਪੀ ਦੇ ਖਿਲਾਫ ਨਸ਼ਿਆ ਦੇ ਸਮੱਗਲਰਾਂ ਵਾਲਾ ਹੀ ਪਰਚਾ ਦਰਜ ਕੀਤਾ ਜਾਵੇਗਾ।

ਨਸ਼ਾਬੰਦੀ ਲਈ ਭਾਂਵੇ ਸਰਕਾਰ ਵੱਲੋ ਚੁੱਕੇ ਗਏ ਕਦਮ ਕਾਫੀ ਹੱਦ ਤੱਕ ਸ਼ਲਾਘਾਯੋਗ ਮੰਨੇ ਜਾ ਰਹੇ ਹਨ ਪਰ ਲੋਕਾਂ ਵਿੱਚ ਸ਼ੰਕਾ ਹੈ ਕਿ ਕੁਝ ਦਿਨਾਂ ਦੀ ਸਖਤੀ ਤੋ ਬਾਅਦ ਫਿਰ ਪੁਲੀਸ ਨਾਲ ਪਹਿਲਾਂ ਦੀ ਤਰਾਂ ਮਹੀਨੇ ਬੱਝ ਜਾਣਗੇ ਤੇ ਨਸ਼ਿਆ ਦੀ ਸਪਲਾਈ ਸ਼ੁਰੂ ਹੋ ਜਾਵੇਗੀ ਜਿਸ ਕਰਕੇ ਲੋਕ ਹਾਲੇ ਨਸ਼ਾਬੰਦੀ ਲਈ ਪੁਲੀਸ ਦਾ ਪੂਰਾ ਸਹਿਯੋਗ ਦੇਣ ਲਈ ਦੁੱਚਿੱਤੀ ਵਿੱਚ ਹਨ। ਨਸ਼ਾ ਬੰਦ ਹੁੰਦਾ ਹੈ ਜਾਂ ਨਹੀ ਪਰ ਭਾਜਪਾ ਨੇਤਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਨਸ਼ਾਬੰਦੀ ਲਈ ਜਿਥੇ ਕੈਪਟਨ ਸਰਕਾਰ ਦੀ ਸ਼ਲਾਘਾ ਕੀਤੀ ਹੈ ਉਥੇ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਵੀ ਆਈ ਪੀ ਕਲਚਰ ਖਤਮ ਕਰਨ ਲਈ ਲਾਲ ਬੱਤੀ ਦਾ ਖਤਮ ਕਰਨ ਦਿੱਤੀ ਹੈ ਅਤੇ ਹੁਣ ਨਸ਼ੇ ਦੀ ਇੱਕ ਹੋਰ ਅੰਗ ਲਾਲ ਪਰੀ ਨੂੰ ਵੀ ਬੰਦ ਕਰ ਦਿੱਤਾ ਜਾਵੇ ਜਿਹੜੀ ਸਰਕਾਰ ਖੁਦ ਵੇਚ ਕੇ ਲੋਕਾਂ ਨੂੰ ਨਸ਼ਈ ਬਣਾ ਰਹੀ ਹੈ। ਪ੍ਰੋ ਚਾਵਲਾ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਲੋਕ ਹਰ ਸਾਲ ਸ਼ਰਾਬ ਅਬਾਦੀ ਨਾਲੋ ਦਸ ਗੁਣਾ ਵੱਧ ਬੋਤਲਾਂ ਪੀ ਜਾਂਦੇ ਹਨ ਜਿਹੜੀ ਸਰਕਾਰ ਠੇਕਿਆ ਤੋ ਵੇਚਦੀ ਹੈ ਅਤੇ ਜਿਹੜੀ ਘਰ ਕੱਢ ਕੇ ਲੋਕ ਪੀ ਲੈਦੇ ਉਸ ਦਾ ਕੋਈ ਹਿਸਾਬ ਨਹੀ ਹੈ।



Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।