Singh Sabha-U.S.A.
Articles

ਰੋਹਿੰਗਿਆ ਮੁਸਲਮਾਨਾ ਦੀ ਹੋ ਰਹੀ ਨਸਲਕੁਸ਼ੀ
Sep 18,2017
(ਕੁਲਵੰਤ ਸਿੰਘ ਢੇਸੀ)

 

ਜਾਤ ਜਨਮ ਦੇ ਨਾਂ ਤੇ ਅਤਿਆਚਾਰ ਬੜਾ,ਕਿਓਂ ਨਹੀ ਸੱਚ ਸੁਭਾ ਤੇ ਹੈ ਕਿਰਦਾਰ ਖੜ੍ਹਾ

ਮਿਆਂਮਾਰ ਨੂੰ ਅਸੀਂ ਬਰਮਾ ਦੇ ਨਾਮ ਨਾਲ ਜਾਣਦੇ ਹਾਂ। ਲਿਖਤੀ ਤੌਰ ਤੇ ਇਸ ਦੇਸ਼ ਦਾ ਨਾਮ ‘ਰੀਪਬਲਕ ਆਫ ਦਾ ਯੂਨੀਅਨ ਆਫ ਮਿਆਂਮਾਰ ਹੈ’ । ਇਸ ਦੇਸ਼ ਵਿਚ ਸੌ ਦੇ ਕਰੀਬ  ਨਸਲੀ (Ethnic) ਭਾਈਚਾਰੇ ਰਹਿੰਦੇ ਹਨ। ਇਸ ਦੇਸ਼ ਦੀ ਸੀਮਾ ਦੱਖਣ ਵਿਚ ਭਾਰਤ ਅਤੇ ਬੰਗਲਾ ਦੇਸ਼ ਨਾਲ ਲੱਗਦੀ ਹੈ ਜਦ ਕਿ ਪੂਰਬੀ ਸੀਮਾ ਥਾਈਲੈਂਡ ਨਾਲ ਅਤੇ ਉੱਤਰੀ ਜਾਂ ਉਤੱਰ ਪੂਰਬੀ ਸੀਮਾ ਚੀਨ ਨਾਲ ਲੱਗਦੀ ਹੈ। ਸੰਨ 1948 ਵਿਚ ਅੰਗ੍ਰੇਜਾਂ ਤੋਂ ਇਹ ਦੇਸ਼ ਆਜਾਦ ਹੋਇਆ ਜਦ ਕਿ 1962 ਵਿਚ ਇਹ  ਦੇਸ਼ ਫੌਜ ਦੇ ਫਾਸ਼ੀ ਹੱਥਾਂ ਵਿਚ ਚਲੇ ਗਿਆ। ਆਪਣੀ ਅਜਾਦੀ ਤੋਂ ਹੀ ਇਹ ਦੇਸ਼ ਨਸਲੀ ਧੜਿਆਂ ਦੇ ਆਪਸੀ ਟਕਰਾਓ ਦਾ ਸ਼ਿਕਾਰ ਰਿਹਾ ਹੈ ਅਤੇ ਸ਼ਾਇਦ ਦੁਨੀਆਂ ਦੀ ਸਭ ਤੋਂ ਲੰਬੀ ਸਿਵਲ ਵਾਰ ਤੋਂ ਪੀੜਤ ਰਿਹਾ ਹੈ। 2010 ਅਤੇ 2015 ਵਿਚ ਭਾਵੇਂ ਇਥੇ ਲੋਕਤੰਤਰਕ ਸਰਕਾਰਾਂ ਬਣੀਆਂ ਪਰ ਇਹਨਾ ਸਰਕਾਰਾਂ ਤੇ ਬਰਮਾ ਦੀ ਫੌਜ ਹਮੇਸ਼ਾਂ ਹੀ ਭਾਰੂ ਰਹੀ ਹੈ। ਯੁਨਾਈਟਿਡ ਨੇਸ਼ਨ ਅਤੇ ਅਨੇਕਾਂ ਹੋਰ ਸੰਸਥਾਵਾਂ ਮੁਤਾਬਕ ਮਿਆਂਮਾਰ ਵਿਚ ਘੱਟਗਿਣਤੀ ਰੋਹਿੰਗਾ ਮੁਸਲਮਾਨਾਂ ਦੇ ਮਨੁੱਖੀ ਹੱਕਾਂ ਦਾ ਬੁਰੀ ਤਰਾਂ ਘਾਣ ਹੋ ਰਿਹਾ ਹੈ।

ਮਿਆਂਮਾਰ ਦੇ ਰੋਹਿੰਗਿਆ ਮੁਸਲਮਾਨ

ਮਿਆਂਮਾਰ ਬੋਧੀਆਂ ਦੀ ਬਹੁਗਿਣਤੀ ਵਾਲਾ ਦੇਸ਼ ਹੈ ਅਤੇ ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾ ਦੀ ਗਿਣਤੀ ਦੱਸ ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਇਹਨਾ ਦਾ ਪਿਛੋਕੜ ਬੰਗਲਾ ਦੇਸ਼ ਨਾਲ ਜੁੜਦਾ ਹੈ ਅਤੇ ਮਿਆਂਮਾਰ ਵਿਚ ਇਹਨਾ ਨੂੰ ਨਾਗਰਿਕਤਾ ਨਹੀਂ ਦਿੱਤੀ ਜਾ ਰਹੀ ਭਾਵੇਂ ਕਿ ਇਹ ਪੀੜੀਆਂ ਤੋਂ ਇਸ ਦੇਸ਼ ਵਿਚ ਰਹਿ ਰਹੇ ਹਨ। ਬਹੁਤ ਸਾਰੇ ਰੋਹਿੰਗਿਆ ਦੇਰ ਪਹਿਲਾਂ ਬੰਗਲਾ ਦੇਸ਼ ਜਾ ਵਸੇ ਸਨ ਜਿਹਨਾ ਕੋਲ ਆਪਣੀ ਨਾਗਰਿਕਤਾ ਸਬੰਧੀ ਕੋਈ ਵੀ ਦਸਤਾਵਜ ਨਹੀਂ ਹੈ। ਰੋਹਿੰਗਿਆ ਮੁਸਲਮਾਨਾਂ ਨੂੰ ਮੁਖ ਰੂਪ ਵਿਚ ਰਖਾਇਨ (Rakhine) ਪ੍ਰਾਂਤ ਵਿਚ ਮੁਸ਼ਕਲਾਂ ਆ ਰਹੀਆਂ ਹਨ। ਅਗਸਤ 2017 ਨੂੰ ਉਤਰੀ ਰਖਾਇਨ ਸੂਬੇ ਵਿਚ 9 ਪੁਲਿਸ ਅਧਿਕਾਰੀ ਮਾਰੇ ਗਏ ਸਨ ਜੋ ਕਿ ਕਿਹਾ ਜਾਂਦਾ ਹੈ ਕਿ ਰੋਹਿੰਗੇ ਖਾੜਕੂਆਂ ਨੇ ਮਾਰੇ ਸਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਮੁਸਲਮਾਨਾਂ ਦੇ ਕਤਲ ਅਤੇ ਔਰਤਾਂ ਨਾਲ ਜਬਰਜਨਾਹ ਕਰਨੇ ਸ਼ੁਰੂ ਕਰ ਦਿੱਤੇ। ਰੋਹਿੰਗਿਆ ਅੱਤਵਾਦੀ ਜਥੇਬੰਦੀ ਅਰਾਕਨ ਰੋਹਿੰਗਿਆ ਸਾਲਵੇਸ਼ਨ ਆਰਮੀ (ARSA) ਦੇ ਤਾਰ ਲਸ਼ਕਰ ਏ ਤੋਇਬਾ ਅਤੇ ਏ ਐਸ ਆਈ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ ਅਤੇ ਇਸਲਾਮਕ ਸਟੇਟ ਦੇ ਦਹਿਸ਼ਤ ਗਰਦ ਵੀ ਇਹਨਾ ਦੀ ਪਿੱਠ ਠੋਕ ਰਹੇ ਹਨ। ਮਿਆਂਮਾਰ ਮੁਤਾਬਕ 25 ਅਗਸਤ 2017 ਨੂੰ ਹੋਏ ਹਮਲੇ ਵਿਚ 6000 ਲੋਕਾਂ ਨੇ ਹਿੱਸਾ ਲਿਆ ਅਤੇ ਏ ਆਰ ਐਸ ਐਸ ਨੇ ਇਸ ਹਮਲੇ ਵਿਚ ਗਰਨੇਡਾਂ ਅਤੇ ਸੁਰੰਗਾਂ ਦੀ ਵਰਤੋਂ ਕੀਤੀ।  ਇਹ ਸਤਰਾਂ ਲਿਖਣ ਤਕ ਕਰੀਬ ਚਾਰ ਲੱਕ ਮੁਸਲਮਾਨ ਉੱਜੜ ਕੇ ਬੰਗਲਾ ਦੇਸ਼ ਜਾ ਚੁੱਕੇ ਹਨ ਅਤੇ ਮੁਸਲਮਾਨਾਂ ਸੈਂਕੜੇ ਪਿੰਡਾਂ ਨੂੰ ਸਾੜ ਕੇ ਰਾਖ ਕਰ ਦਿੱਤਾ ਗਿਆ ਹੈ । ਬੋਧੀਆਂ ਅਤੇ ਸੁਰੱਖਿਆ ਬਲਾਂ ਦੀ ਦਹਿਸ਼ਤ ਤੋਂ ਡਰੇ ਹੋਏ ਹਿੰਦੂ ਵੀ ਮਿਆਂਮਾਰ ਵਿਚੋਂ ਹਿਜਰਤ ਕਰ ਰਹੇ ਹਨ। ਫੌਜ ਦੇ ਜਨਰਲ ਨੇ ਇਸ ਕਤਲੇਆਮ ਲਈ ਖਾੜਕੂ ਰੋਹਿੰਗਿਆ ਨੂੰ ਦੋਸ਼ੀ ਕਰਾਰ ਦਿੱਤਾ ਹੈ ਕਿ ਉਹਨਾ ਦੇ ਉੱਤਰੀ ਰਖਾਇਨ ਸੂਬੇ ਵਿਚ ਇਕੱਠੇ ਹੋ ਕੇ ਅੱਤਵਾਦੀ ਕਾਰਵਾਈਆਂ ਕਰਨ ਦੇ ਨਤੀਜੇ ਵਜੋਂ ਹੀ ਇਹ ਪ੍ਰਤੀਕਰਮ ਹੋਇਆ ਹੈ।

ਮੌਜੂਦਾ ਸਰਕਾਰ ਦੀ ਸਾਜਿਸ਼ੀ ਚੁੱਪ

ਮਿਆਂਮਾਰ ਵਿਚ ਕੌਮਾਤਰੀ ਪ੍ਰਸਿੱਧੀ ਦੀ ਮਾਲਕ ਨੋਬਲ ਪੀਸ ਪੁਰਸਕਾਰ ਵਿਜੇਤਾ ਆਂਗ ਸਾਨ ਸੂ ਚੀ (Aung San Suu Kyi) ਦੀ ਪਾਰਟੀ ‘ਨੈਸ਼ਨਲ ਲੀਗ ਫਾਰ ਡੈਮੋਕਰੇਸੀ’ ਦੀ ਸਰਕਾਰ ਹੈ। ਕੌਮਾਂਤਰੀ ਮੰਚ ਤੇ ਸੂ ਚੀ ਦੀ ਸ਼ਖਸੀਅਤ ਭਾਵੇਂ ਮਨੁੱਖੀ ਹੱਕਾਂ ਦੀ ਚੈਂਪੀਅਨ ਦੀ ਰਹੀ ਹੈ ਪਰ ਇਸ ਸਮੇਂ ਮਿਆਂਮਾਰ ਵਿਚ ਘੱਟਗਿਣਤੀ ਰੋਹਿੰਗਿਆ ਮੁਸਲਾਮਾਨਾਂ ਦੀ ਕਤਲੋਗਾਰਤ ਤੇ ਉਹ ਚੁੱਪ ਹੈ। ਉਸ ਨੂੰ ਡਰ ਹੈ ਕਿ ਜੇਕਰ ਉਹ ਯੂ ਐਨ ਓ ਦੀ ਦੇਖ ਰੇਖ ਹੇਠ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਕੋਈ ਨਰੀਖਣ ਕਰਵਾਉਂਦੀ ਹੈ ਤਾਂ ਇਸ ਨਾਲ ਫੌਜ ਦੇ ਨਰਾਜ਼ ਹੋਣ ਦਾ ਡਰ ਹੈ ਅਤੇ ਫੌਜ ਦੇ ਵਿਗੜਦਿਆਂ ਹੀ ਦੇਸ਼ ਫਾਸ਼ੀ ਹੱਥਾਂ ਵਿਚ ਚਲੇ ਜਾਵੇਗਾ। ਸੂ ਚੀ ਨੂੰ ਮਿਆਂਮਾਰ ਦੇ ਪਿਤਾਮਾ ਆਂਗ ਸੈਨ ਦੀ ਛੋਟੀ ਪੁੱਤਰੀ ਹੋਣ ਦਾ ਮਾਣ ਹਾਸਲ ਹੈ। ਦਿੱਲੀ ਅਤੇ ਆਕਸਫੋਰਡ ਯੂਨੀਵਰਸਟੀਆਂ ਤੋਂ ਵਿੱਦਿਆ ਲੈਣ ਮਗਰੋਂ ਸੂ ਚੀ ਨੇ ਤਿਨ ਵਰ੍ਹੇ ਯੁਨਾਈਟਿਡ ਨੇਸ਼ਨ ਵਿਚ ਵੀ ਕੰਮ ਕੀਤਾ ਹੈ।  ਸੰਨ 1988 ਵਿਚ ਜਦੋਂ ਉਹ ਮਿਆਂਮਾਰ ਪਰਤੀ ਤਾਂ ਦੇਸ਼ ਵਿਚ ਜਨਰਲ ਨੀ ਵਿਨ (Ne Win) ਦੀ ਫੌਜੀ ਸਰਕਾਰ ਸੀ ਜਿਸ ਦੇ ਖਿਲਾਫ ਲੋਕਾਂ ਦਾ ਰੋਹ ਉੱਬਲ ਪਿਆ। ਵੱਡੀ ਪੱਧਰ ਤੇ ਹੋ ਰਹੇ ਵਿਦਰੋਹ ਨੂੰ ਫੌਜ ਨੇ ਸਖਤੀ ਨਾਲ ਕੁਚਲ ਦਿੱਤਾ। ਵਿਦਰੋਹੀ ਅੰਦੋਲਨ ਸਮੇਂ ਸੂ ਚੀ ਨੇ ਭਾਵੇਂ ਪੰਜ ਪੰਜ ਲੱਖ ਦੇ ਇੱਕਠ ਨੂੰ ਸੰਬੋਧਨ ਕੀਤਾ ਪਰ ਸਰਕਾਰ ਬਿਲਕੁਲ ਨਾ ਝੁਕੀ ਅਤੇ ਉਹ ਗ੍ਰਿਫਤਾਰ ਕਰ ਲਈ ਗਈ ।ਮਿਆਂਮਾਰ ਵਿਚ ਲਗਾਤਾਰ 15 ਵਰ੍ਹੇ ਉਹ ਹਾਊਸ ਅਰੈਸਟ ਰਹੀ । ਸੰਨ 2012 ਦੀ ਬਾਈ ਇਲੈਕਸ਼ਨ ਦੀ ਕਾਮਯਾਬੀ ਤੋਂ ਬਾਅਦ 2015 ਵਿਚ ਸੂ ਚੀ ਦੀ ਪਾਰਟੀ ਨੂੰ ਧੜੱਲੇਦਾਰ ਜਿੱਤ ਪ੍ਰਾਪਤ ਹੋਈ। ਉਹ ਭਾਵੇਂ ਦੇਸ਼ ਦੀ ਰਾਸ਼ਟਰਪਤੀ ਤਾਂ ਨਾ ਬਣ ਸਕੀ ਪਰ ਉਸ ਨੂੰ ਦੇਸ਼ ਦੀ ਪ੍ਰਮੁਖ ਆਗੂ ਹੀ ਮੰਨਿਆਂ ਜਾਂਦਾ ਹੈ। ਦੁਨੀਆਂ ਭਰ ਵਿਚ ਸੂ ਚੀ ਦੇ ਖਾਮੋਸ਼ ਰਵਈਏ ਦੀ ਚਰਚਾ ਹੋ ਰਹੀ ਹੈ। ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹੁਸੀਨਾ ਨੇ ਮਿਆਂਮਾਰ ਤੋਂ ਉੱਜੜ ਕੇ ਆਇਆ ਪ੍ਰਤੀ ਬਹੁਤ ਸੰਵੇਦਨਾਸ਼ੀਲ ਰਵੱਈਆ ਅਪਣਾਇਆ ਹੈ ਅਤੇ ਸੂ ਚੀ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਤ੍ਰਾਸਦੀ ਨੂੰ ਮਾਨਵੀ ਨਜ਼ਰ ਨਾਲ ਦੇਖਦਿਆਂ ਪੁਲਿਸ ਅਤੇ ਫੌਜ ਨੂੰ ਨੱਥ ਪਾਵੇ।

ਰੋਹਿੰਗਿਆ ਮੁਸਲਮਾਨਾਂ ਖਿਲਾਫ ਹਿੰਸਾ

ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨ ਘੱਟਗਿਣਤੀ ਵਿਚ ਹਨ ਪਰ ਰਖਾਇਨ ਸੂਬੇ ਵਿਚ ਇਹਨਾ ਦੀ ਗਿਣਤੀ ਵਧੇਰੇ ਹੈ। ਜੂਨ 2012 ਵਿਚ ਬੋਧੀਆਂ ਦਾ ਇਹਨਾ ਤੇ ਪਹਿਲਾ ਹਮਲਾ ਹੋਇਆ ਜਿਸ ਵਿਚ 200 ਰੋਹਿੰਗਿਆ ਮੁਸਲਮਾਨ ਮਾਰੇ ਗਏ ਅਤੇ ਹਜਾਰਾਂ ਉੱਜੜ ਗਏ। ਮਾਰਚ 13 ਵਿਚ ਇੱਕ ਕੋਨੇ ਦੀ ਦੁਕਾਨ ਤੋਂ ਸ਼ੁਰੂ ਹੋਏ ਫਸਾਦ ਵਿਚ 40 ਮੁਸਲਮਾਨ ਮਾਰੇ ਗਏ। ਇਸ ਤੋਂ ਬਾਅਦ ਸੰਨ 2013 ਅਤੇ 2014 ਵਿਚ ਫਿਰ ਮੁਸਲਮਾਨ ਬੱਚੇ, ਔਰਤਾਂ ਅਤੇ ਮਰਦਾਂ ਦੇ ਕਤਲ ਹੋਏ। ਬੋਧੀਆਂ ਮੁਤਾਬਕ ਇਹਨਾ ਫਸਾਦਾਂ ਦੀ ਸ਼ੁਰੂਆਤ ਮੁਸਲਮਾਨਾਂ ਨੇ ਕੀਤੀ ਅਤੇ ਫਿਰ ਇਹ ਕਦੇ ਨਾ ਰੁਕੇ। ਦੇਖਣ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਫਿਰਕੇ ਹੀ ਧਾਰਮਕ ਹਨ ਪਰ ਇਹਨਾ ਦੇ ਦਿਲਾਂ ਵਿਚ ਇੱਕ ਦੂਜੇ ਲਈ ਅੰਤਾਂ ਦੀ ਨਫਰਤ ਹੈ। ਬੋਧੀ ਵੈਸੇ ਵੀ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਹਿੰਦੇ ਹਨ ਕਿਓਂਕਿ ਰੋਹਿੰਗਿਆਂ ਦਾ ਪਿਛੋਕੜ ਬੰਗਲਾ ਦੇਸ਼ ਨਾਲ ਜੁੜਦਾ ਹੈ। ਮੌਜੂਦਾ ਹਿੰਸਾ ਦੀ ਸ਼ੁਰੂਆਤ ਰੋਹਿੰਗਿਆ ਖਾੜਕੂਆਂ ਵਲੋਂ ਤਿੰਨ ਥਾਣਿਆਂ ਤੇ ਕੀਤੇ ਹਥਿਆਰਬੰਦ ਹਮਲੇ ਵੀ ਦੱਸਿਆ ਜਾਂਦਾ ਹੈ।

ਜੇਕਰ ਇਤਹਾਸਕ ਕਾਰਨਾਂ ਤੇ ਨਜ਼ਰ ਮਾਰੀਏ ਤਾਂ ਸੰਨ 1930 ਵਿਚ ਜਦੋਂ ਭਾਰੀ ਗਿਣਤੀ ਵਿਚ ਰੋਹਿੰਗਿਆ ਮੁਸਲਮਾਨਾਂ ਨੂੰ ਬਰਮਾ ਵਿਚ ਲਿਆਂਦਾ ਗਿਆ ਤਾਂ ਉਹਨਾ ਦਾ ਤਿਖਾ ਵਿਰੋਧ ਹੋਇਆ। ਇਹ ਵਿਰੋਧ ਸੰਨ 1938 ਵਿਚ ਬਹੁਤ ਭਿਆਨਕ ਰੂਪ ਧਾਰਨ ਕਰ ਗਿਆ ਜਦੋਂ ਇੱਕ ਮੁਸਲਮਾਨ ਨੇ ਬੁੱਧ ਧਰਮ ਬਾਰੇ ਇੱਕ ਅਪਮਾਨਜਨਕ ਪੁਸਤਕ ਲਿਖੀ ਸੀ। ਉਹਨਾ ਸਮਿਆਂ ਤੋਂ ਹੁੰਦੇ ਦੰਗੇ ਅਤੇ ਨਫਰਤ ਦੀ ਦੱਬੀ ਹੋਈ ਅੱਗ ਹੁਣ ਭਾਂਬੜ ਬਣ ਗਈ ਹੈ। ਮੁਸਲਮਾਨਾਂ ਖਿਲਾਫ ਬੋਧੀਆਂ ਦੀ ਨਫਰਤ ਦਾ ਕਾਰਨ ਇਹ ਵੀ ਹੈ ਕਿ ਬੋਧੀ ਮਹਿਸੂਸ ਕਰਦੇ ਹਨ ਕਿ ਮੁਸਲਮਾਨਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਰਹੀ ਹੈ ਅਤੇ ਜੇਕਰ ਇਸੇ ਰਫਤਾਰ ਨਾਲ ਜਾਰੀ ਰਹੀ ਤਾਂ ਭਾਰਤ ਅਤੇ ਇੰਡੋਨੇਸ਼ੀਆ ਵਾਂਗ ਮਿਆਂਮਾਰ ਵਿਚ ਵੀ ਬੁੱਧ ਧਰਮ ਹਾਸ਼ੀਏ ਤੇ ਆ ਜਾਵੇਗਾ। ਬੋਧੀਆਂ ਨੂੰ ਇਹ ਵੀ ਰੋਸ ਹੈ ਕਿ ਮੁਸਮਾਨ ਉਹਨਾ ਦੀਆਂ ਜਨਾਨੀਆਂ ਨੂੰ ਉਕਸਾ ਕੇ ਉਹਨਾ ਨੂੰ ਮੁਸਲਮਾਨ ਬਣਾ ਰਹੇ ਹਨ। ਮੁਸਮਾਨਾਂ ਦਾ ਜਮੀਨ ਖ੍ਰੀਦਣਾ ਵੀ ਬੋਧੀਆਂ ਨੂੰ ਰੜਕ ਰਿਹਾ ਹੈ। ਰੋਹਿੰਗਿਆ ਮੁਸਲਮਾਨਾਂ ਦੀ ਮਿਆਂਮਾਰ ਵਿਚ ਕੇਵਲ 4 ਪ੍ਰਤੀਸ਼ਤ ਗਿਣਤੀ ਹੈ ਪਰ ਇਸ ਗਿਣਤੀ ਪ੍ਰਤੀ ਬੋਧੀ ਮੁਖਧਾਰਾ ਹਮਲਾਵਰ ਹੈ। ਅਸਲ ਵਿਚ ਬੋਧੀਆਂ ਲਈ ਇਹ ਮਸਲਾ ਕੇਵਲ ਧਰਮ ਦਾ ਹੀ ਨਹੀਂ ਸਗੋਂ ਆਪਣੀ ਹੋਂਦ ਕਾਇਮ ਰੱਖਣ ਦੇ ਨਾਲ ਨਾਲ ਸਮਾਜਕ ਰੁਤਬੇ ਦਾ ਵੀ ਹੈ। ਭਾਰਤ ਦੇ ਹਿੰਦੂ ਰਾਸ਼ਟਰਵਾਦ ਵਾਂਗ ਹੀ ਮਿਆਂਮਾਰ ਵਿਚ ਬੋਧੀ ਰਾਸ਼ਟਰਵਾਦ ਭਾਰੂ ਹੈ।

ਮੌਜੂਦਾ ਹਿੰਸਾ ਕਰਕੇ ਯੂਨਿਸਿਫ (UNICEF) ਮੁਤਾਬਕ 25 ਅਗਸਤ ਤੋਂ ਹੁਣ ਤਕ ਸਾਢੇ ਤਿੰਨ ਲੱਖ ਦੇ ਕਰੀਬ ਰੋਹਿੰਗਾ ਮੁਸਲਮਾਨ ਸ਼ਰਨਾਰਥੀ ਆ ਚੁੱਕੇ ਹਨ ਅਤੇ ਸ਼ਰਨਾਰਥੀ ਕੈਂਪਾਂ ਦੀ ਕਾਬੂ ਤੋਂ ਬਾਹਰ ਹੋ ਰਹੀ ਹਾਲਤ ਕਾਰਨ ਬਿਮਾਰੀ ਫੈਲਣ ਦਾ ਡਰ ਹੈ। ਹੁਣ ਤਕ ਹਜਾਰਾਂ ਬੱਚੇ ਐਸੇ ਵੀ ਮਿਲੇ ਹਨ ਜੋ ਕਿ ਆਪਣੇ ਮਾਪਿਆਂ ਤੋਂ ਵਿਛੜ ਗਏ ਹਨ। ‘ਹਿਊਮਨ ਰਾਈਟਸ ਵਾਚ’ ਚੇਰਿਟੀ ਨੇ ਸੈਟੇਲਾਈਟ ਤਸਵੀਰਾਂ ਦੀ ਜੁਬਾਨੀ ਉਜਾੜੇ ਜਾ ਰਹੇ ਪਿੰਡਾਂ ਦਾ ਜਿਕਰ ਕੀਤਾ ਹੈ। ਯੂ ਐਨ ਓ ਮੁਤਾਬਕ ਰੋਹਿੰਗਿਆ ਮੁਸਲਮਾਨ ਦੁਨੀਆਂ ਦੀ ਸਭ ਤੋਂ ਵੱਧ ਪੀੜਤ ਘੱਟ ਗਿਣਤੀ ਹਨ। ਪੋਪ ਫਰਾਂਸਿਸ ਨੇ ਵੀ ਅਪੀਲ ਕੀਤੀ ਹੈ ਕਿ ਰੋਹਿੰਗਾ ਮੁਸਲਮਾਨਾਂ ਦੀ ਘੱਟਗਿਣਤੀ ਦਾ ਸ਼ੋਸ਼ਣ ਬੰਦ ਹੋਣਾ ਚਾਹੀਦਾ ਹੈ।

ਇਹਨਾ ਲਈ ਬੰਗਲਾ ਦੇਸ਼, ਭਾਰਤ ਅਤੇ ਨਿਪਾਲ ਦੇ ਦਰਵਾਜੇ ਬੰਦ ਹਨ

ਪਿਛਲੇ ਦੋ ਹਫਤਿਆਂ ਵਿਚ ਕਰੀਬ ਚਾਰ ਲੱਖ ਰੋਹਿੰਗਿਆ ਮਸੁਲਮਾਨ ਬੰਗਲਾ ਦੇਸ਼ ਜਾ ਚੁੱਕੇ ਹਨ। ਭਾਰਤ ਵਿਚ ਜੰਮੂ ਦੇ ਵੱਖ ਵੱਖ ਹਿੱਸਿਆਂ ਵਿਚ ਗੈਰ ਕਾਨੂੰਨੀ ਤੌਰ ਤੇ ਵਸੇ ਰੋਹਿੰਗਿਆਂ ਦੀਆਂ ਮੁਸ਼ਕਲਾਂ ਵੀ ਦਿਨੋ ਦਿਨ ਵਧ ਰਹੀਆਂ ਹਨ। ਜੰਮੂ ਵਿਚ ਇਹਨਾ ਖਿਲਾਫ ਹਿੰਸਕ ਪ੍ਰਦਰਸ਼ਨ ਹੋਣ ਕਾਰਨ ਇਹ ਸ਼ਰਨਾਰਥੀ ਕੈਂਪਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਇਹਨਾ ਦੇ ਨੇਤਾ ਮੁਹੰਮਦ ਇਸਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਅਗਰ ਉਹ ਮਿਆਂਮਾਰ ਵਿਚ ਸੁਰੱਖਿਆ ਦੀ ਜਿੰਮੇਵਾਰੀ ਲਵੇ ਤਾਂ ਉਹ ਆਪਣੇ ਘਰ ਪਰਤਣ ਲਈ ਤਿਆਰ ਹਨ।ਕਈ ਵਰ੍ਹੇ ਪਹਿਲਾਂ ਜਿਹੜੇ ਰੋਹਿੰਗਿਆ ਨਿਪਾਲ ਪਲਾਇਨ ਕਰ ਗਏ ਸਨ ਉਹ ਵੀ ਯੁਨਾਇਟਿਡ ਨੇਸ਼ਨ ਦੀ ਸਾਲਸੀ ਨਾਲ ਆਪਣੇ ਘਰੀਂ ਵਾਪਸ ਪਰਤਣਾ ਚਹੁੰਦੇ ਹਨ।

ਸਾਜਿਸ਼ਾਂ,ਅਫਵਾਹਾਂ ਅਤੇ ਅਪੀਲਾਂ

ਜਦੋਂ ਵੀ ਦੋ ਫਿਰਕੂ ਭਾਈਚਾਰਿਆਂ ਵਿਚ ਕੁੜੱਤਣ ਵਧੇ ਤਾਂ ਸਾਜਿਸ਼ਾਂ ਅਤੇ ਅਫਵਾਹਾਂ ਅੱਗ ਤੇ ਤੇਲ ਪਾਉਣ ਦਾ ਕੰਮ ਕਰਦੀਆਂ ਹਨ। ਰਖਾਇਨ ਸੂਬੇ ਵਿਚ ਵੀ ਕੱਟੜਪੰਥੀ ਅੱਗ ਨੂੰ ਮੱਘਦੀ ਰੱਖਣ ਵਾਸਤੇ ਏਹੋ ਕੁਝ ਕਰ ਰਹੇ ਹਨ। ਬਲਦੀ ਅੱਗ ਵਿਚੋਂ ਉਹ ਕੇਵਲ ਔਰਤਾਂ ਅਤੇ ਬੱਚਿਆਂ ਨੂੰ ਨਿਕਲਣ ਦੀ ਇਜਾਜਤ ਦਿੰਦੇ ਹਨ ਜਦ ਕਿ ਬੰਦਿਆਂ ਨੂੰ ਮਿਆਂਮਾਰ ਦੇ ਵਿਰੁਧ ਲੜਨ ਲਈ ਉਕਸਾ ਰਹੇ ਹਨ ਜਾਂ ਮਜ਼ਬੂਰ ਕਰ ਰਹੇ ਹਨ।

ਬਹੁ ਚਰਚਿਤ ਨੋਬਲ ਪੁਰਸਕਾਰ ਵਿਜੇਤਾ ਮਲਾਲਾ ਯੁਸਫਾਈ ਨੇ ਟਵੀਟ ਕਰਕੇ ਆਂਗ ਸਾਨ ਸੂ ਚੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਆਪਣਾ ਫਰਜ਼ ਨਿਭਾਵੇ। ਚੇਤੇ ਰਹੇ ਕਿ ਮਲਾਲਾ ਪਾਕਿਸਤਾਨ ਦੀ ਉਹ ਕੁੜੀ ਹੈ ਜਿਸ ਨੂੰ ਸਭ ਤੋਂ ਘੱਟ ਉਮਰ (12 ਸਾਲ)ਵਿਚ ਨੋਬਲ ਪੁਰਸਕਾਰ ਇਸ ਕਰਕੇ ਮਿਲਿਆ ਸੀ ਕਿਓਂਕਿ ਉਸ ਨੇ ਸਵਾਤ ਵਾਦੀ ਵਿਚ ਪਖਤੂਨ (ਪਠਾਣ) ਕੁੜੀਆਂ ਦੀ ਸਕੂਲੀ ਬੰਦਸ਼ ਦੇ ਖਿਲਾਫ ਵਿਦਰੋਹ ਕੀਤਾ ਸੀ। ਮਿਆਂਮਾਰ ਦੇ ਮੁਸਲਮਾਨਾਂ ਤੇ ਹੋ ਰਹੇ ਜੁਲਮਾਂ ਦੇ ਸਬੰਧ ਵਿਚ ਮਲਾਲਾ ਨੇ ਸੂ ਚੀ ਨੂੰ ਅਨੇਕਾਂ ਸਵਾਲ ਕੀਤੇ ਹਨ। ਮਲਾਲਾ ਦੇ ਖਿਲਾਫ ਵੀ ਅਨੇਕਾਂ ਪਾਸਿਆਂ ਤੋਂ ਅਵਾਜਾਂ ਉੱਠੀਆਂ ਕਿ ਉਹ ਆਪਣੇ ਦੇਸ਼ ਪਾਕਿਸਤਾਨ ਨੂੰ ਹੀ ਅਪੀਲਾਂ ਕਰੇ ਕਿ ਮੁਸਲਮਾਨਾ ਦੀ ਬਹੁੜੀ ਕਰੇ। ਚੀਨ ਦੇ ਅਖਬਾਰ ‘ਗਲੋਬਲ ਟਾਈਮਜ’ ਤਾਂ ਇਹ ਕਹਿੰਦਿਆਂ ਉਸ ਦੇ ਪੇਸ਼ ਪੈ ਗਈ ਕਿ ਮਲਾਲਾ ਨੂੰ ਆਪਣੀ ਫੈਲੋ ਨੋਬਲ ਪੁਰਸਕਾਰ ਜੇਤੂ ਸੂ ਚੀ ਦੀ ਅਲੋਚਨਾ ਕਰਨ ਤੋਂ ਪਹਿਲਾਂ ਰੋਹਿੰਗਾ ਮੁਸਲਮਾਨਾਂ ਦੇ ਖਿਲਾਫ ਹੋ ਰਹੀ ਹਿੰਸਾ ਦੇ ਤੱਥਾਂ ਦੀ ਤਹਿ ਤਕ ਜਾਣਾ ਚਾਹੀਦਾ ਹੈ। ਇਸ ਅਖਬਾਰ ਮੁਤਾਬਕ, ‘ ਮੁਸਲਮਾਨ ਕੱਟੜਪੰਥੀਆਂ ਵਲੋਂ ਸੁਰੱਖਿਆ ਬਲਾਂ ਤੇ ਕੀਤੇ ਹਮਲਿਆਂ ਮਗਰੋਂ ਹੀ ਸੁਰੱਖਿਆ ਬਲਾਂ ਵਲੋਂ ਪ੍ਰਤੀਕਰਮ ਹੋਇਆ ਹੈ । ਬਹੁਗਿਣਤੀ ਬੋਧੀਆਂ ਅਤੇ ਘੱਟ ਗਿਣਤੀ ਰੋਹਿੰਗਿਆ ਮੁਸਲਮਾਨਾਂ ਦਰਮਿਆਨ ਧਾਰਮਕ ਅਤੇ ਜਾਤੀ ਵਿਰੋਧਾਂ ਕਾਰਨ ਮੌਜੂਦਾ ਹਿੰਸਾ ਦੀ ਜ਼ਮੀਨ ਚਿਰਾਂ ਤੋਂ ਤਿਆਰ ਹੋ ਰਹੀ ਸੀ’। ਅਖਬਾਰ ਨੇ ਮਲਾਲਾ ਨੂੰ ਸਲਾਹ ਦਿੱਤੀ ਹੈ ਕਿ ਮਿਆਂਮਾਰ ਵਿਚ ਮੁਸਲਮਾਨਾਂ ਦੇ ਗੁੰਝਲਦਾਰ ਮਾਮਲੇ ਤੇ ਉਸ ਦੀ ਜਾਣਕਾਰੀ ਅਧੂਰੀ ਹੈ। ਅਖਬਾਰ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਮਲਾਲਾ ਨੂੰ ਨੋਬਲ ਪੁਰਸਕਾਰ ਮੁਸਲਮ ਕਟੜਪੰਥੀਆਂ ਖਿਲਾਫ ਲੜਨ ਕਰਕੇ ਮਿਲਿਆ ਸੀ ਜੋ ਕਿ ਮਲਾਲਾ ਨੂੰ ਲਗਭਗ ਮਾਰ ਕੇ ਹੀ ਸੁੱਟ ਗਏ ਸਨ ਅਤੇ ਮਲਾਲਾ ਨੂੰ ਇਹ ਦੇਖਣਾ ਹੋਇਗਾ ਕਿ ਮੁਸਲਮ ਕਟੜਪੰਥੀ ਬਹੁਤ ਸਾਰੇ ਦੇਸ਼ਾਂ ਵਿਚ ਹਿੰਸਾ ਫੈਲਾ ਰਹੇ ਹਨ।

ਹੁਣ ਜਦੋਂ ਕਿ ਦੁਨੀਆਂ ਭਰ ਵਿਚ ਇਹਨਾ ਜੁਲਮਾਂ ਪ੍ਰਤੀ ਰੋਹ ਉੱਠ ਖੜ੍ਹਾ ਹੋਇਆ ਤਾਂ ਸੂ ਚੀ ਨੇ ਮਸਾਂ ਹੀ ਮੂੰਹ ਖੋਲਿਆ ਹੈ ਕਿ ਉਸ ਦੀ ਸਰਕਾਰ ਰੋਹਿੰਗਿਆ ਮੁਸਲਮਾਨਾਂ ਦੀ ਘੱਟਗਿਣਤੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਦੁਨੀਆਂ ਭਰ ਵਿਚ ਮੁਸਲਮਾਨਾਂ ਦੇ ਭਾਵੇਂ 52 ਦੇਸ਼ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਮਿਆਂਮਾਰ ਦੇ ਮੁਸਲਮਾਨਾਂ ਪ੍ਰਤੀ ਪ੍ਰਮੁਖ ਤੌਰ ਤੇ ਕੋਈ ਵੀ ਮੁਸਲਮਾਨੀ ਦੇਸ਼ ਮੁਨਾਸਬ ਪਹੁੰਚ ਨਹੀਂ ਕਰ ਰਿਹਾ। ਜਿਹਨਾ ਮੁਸਲਮਾਨੀ ਦੇਸ਼ਾਂ ਵਿਚ ਪ੍ਰਤੀਕਰਮ ਹੋਇਆ ਵੀ ਹੈ ਉਸ ਨਾਲ ਰੋਹਿੰਗਿਆ ਮੁਸਲਮਾਨਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਇਆ ਹੈ। ਮਿਸਾਲ ਦੇ ਤੌਰ ਤੇ ਮਲੇਸ਼ੀਆ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਵਿਚ ਬੋਧੀਆਂ ਤੇ ਕੀਤੇ ਗਏ ਹਮਲੇ; ਜਕਾਰਤਾ ਵਿਚ ਇੱਕ ਬੋਧੀ ਕੇਂਦਰ ਨੂੰ ਬੰਬ ਨਾਲ ਉਡਾ ਦੇਣਾ; ਇੰਡੋਨੇਸ਼ੀਆ ਵਿਚ ਮਿਆਂਮਾਰ ਦੇ ਦੂਤਾਵਾਸ ਵਿਚ ਬੰਬ ਪਲਾਂਟ ਕਰਨ ਦੀ ਅਸਫਲ ਕੋਸ਼ਿਸ਼ ਵਰਗੀਆਂ  ਘਟਨਾਵਾਂ ਨਾਲ ਰੋਹਿੰਗਿਆ ਮੁਸਲਮਾਨਾਂ ਦੇ ਹਾਲਾਤ ਸਗੋਂ ਹੋਰ ਵਿਗੜੇ ਹਨ।

ਸੂ ਚੀ ਤਮਾਸ਼ਬੀਨ ਬਣੀ ਹੋਈ ਹੈ

ਸੂ ਚੀ ਮਿਆਂਮਾਰ ਦੀ ਸਟੇਟ ਕਾਊਂਸਲਰ ਹੈ ਨਾ ਕਿ ਰਾਸ਼ਟਰਪਤੀ। ਇਹ ਪੱਦ ਵੀ ਉਸ ਨੇ ਸੰਵਿਧਾਨ ਵਿਚ ਤਰਮੀਮ ਕਰਕੇ ਖੁਦ ਹੀ ਤਿਆਰ ਕੀਤਾ ਸੀ। ਅਸਲ ਵਿਚ ਮਿਆਂਮਾਰ ਦਾ ਸੰਵਿਧਾਨ ਫੌਜ ਵਲੋਂ ਬਣਾਇਆ ਗਿਆ ਹੈ ਅਤੇ ਫੌਜ ਕੋਲ ਹੀ ਦੇਸ਼ ਦੇ ਆਹਲਾ ਮਹਿਕਮੇ ਹਨ। ਸੰਵਿਧਾਨ ਮੁਤਾਬਕ ਜਿਸ ਵਿਅਕਤੀ ਨੇ ਕਿਸੇ ਬਦੇਸ਼ੀ ਨਾਲ ਵਿਆਹ ਕਰਵਾਇਆ ਹੋਵੇ ਅਤੇ ਜਿਸ ਦੇ ਬੱਚੇ ਬਦੇਸ਼ੀ ਨਾਗਰਿਕ ਹੋਣ ਉਸ ਨੂੰ ਰਾਸ਼ਟਰਪਤੀ ਦਾ ਪਦ ਨਹੀਂ ਮਿਲ ਸਕਦਾ। ਇਸ ਕਰਕੇ ਸੂ ਚੀ ਨੂੰ ਸੰਵਿਧਾਨ ਵਿਚ ਤਰਮੀਮ ਕਰਕੇ ਆਪਣਾ ਰੁਤਬਾ ਬਚਾਉਣਾ ਪਿਆ ਕਿਓਂਕਿ ਦੇਸ਼ ਦੀ ਬਹੁ ਗਿਣਤੀ ਉਸ ਦੀ ਪਿੱਠ ਤੇ ਸੀ। ਦੂਸਰੀ ਗੱਲ ਇਹ ਵੀ ਹੈ ਕਿ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ਤੇ ਮਿਆਂਮਾਰ ਦੇ ਲੋਕ ਬਹੁਤ ਸੰਵੇਦਨਸ਼ੀਲ ਹਨ। ਸੂ ਚੀ ਬਹੁਤ ਬਚ ਬਚ ਕੇ ਚਲ ਰਹੀ ਹੈ ਤਾਂ ਕਿ ਉਹ ਆਪਣੇ ਖਿਲਾਫ ਵਿਦਰੋਹ ਤੋਂ ਬਚ ਸਕੇ। ਪਰ ਇਸ ਸਮੇਂ ਉਸ ਤੇ ਦਬਾਅ ਹੈ ਕਿ ਉਹ ਕੌਮਾਂਤਰੀ ਮੀਡੀਏ ਨੂੰ ਪੀੜਤਾਂ ਤਕ ਪਹੁੰਚਣ ਦੇਵੇ ਅਤੇ ਉਹਨਾ ਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਲਵੇ। ਰਖਾਇਨ ਸੂਬੇ ਦੇ ਜਿਹੜੇ ਇਲਾਕਿਆਂ ਵਿਚ ਰੋਹਿੰਗਿਆਂ ਦੀ ਘਣੀ ਅਬਾਦੀ ਹੈ ਉਥੇ ਸੜਕਾਂ ਦਾ ਵੀ ਬੁਰਾ ਹਾਲ ਹੈ ਅਤੇ ਮੀਡੀਏ ਨੂੰ ਪੀੜਤਾਂ ਤਕ ਪਹੁੰਚਣ ਵਿਚ ਬਹੁਤ ਔਕੜਾਂ ਵੀ ਆ ਰਹੀਆਂ ਹਨ। ਦੁਨੀਆਂ ਭਰ ਦੇ ਆਗੂਆਂ ਵਲੋਂ ਹੋ ਰਹੀਆਂ ਅਪੀਲਾਂ ਦੇ ਮੱਦੇ ਨਜ਼ਰ ਸੂ ਚੀ ਨੂੰ ਹੁਣ ਯੋਗ ਕਦਮ ਤਾਂ ਚੁੱਕਣੇ ਪੈਣਗੇ ਪਰ ਉਹ ਕਿਥੋਂ ਤਕ ਕਾਮਯਾਬ ਹੁੰਦੀ ਹੈ ਸਮਾਂ ਹੀ ਦੱਸੇਗਾ। ਇਹ ਵੀ ਕਿਹਾ ਜਾਂਦਾ ਹੈ ਕਿ ਮਿਆਂਮਾਰ ਦੇ ਗੱਟਗਿਣਤੀ ਮੁਸਲਮਾਨਾਂ ਦੀ ਕਿਸਮਤ ਕੇਵਲ ਫੌਜ ਦੇ ਮੁਖੀ ਜਨਰਲ ਮਿਨ ਆਂਗ ਲੈਂਗ ਦੇ ਹੱਥ ਹੈ ਅਤੇ ਉਹ ਇਸ ਦੁਖਾਂਤ ਲਈ ਰੋਹਿੰਗਿਆ ਮੁਸਲਮਾਨਾਂ ਨੂੰ ਜਿੰਮੇਵਾਰ ਮੰਨਦਾ ਹੈ।ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਮੀਡੀਏ ਵਿਚ ਖਿਚਾਈ ਹੋ ਰਹੀ ਹੈ ਜੋ ਕਿ ਕਤਲੋਗਾਰਤ ਦੇ ਸਮੇਂ 5 ਅਤੇ 7 ਸਤੰਬਰ ਨੂੰ ਮਿਆਂਮਾਰ ਦੇ ਦੌਰੇ ਤੇ ਸੀ। ਮੋਦੀ ਨੇ ਰੋਹਿੰਗਿਆ ਮੁਸਲਮਾਨਾਂ ਤੇ ਹੋ ਰਹੇ ਜੁਲਮਾ ਸਬੰਧੀ ਇੱਕ ਲਫਜ਼ ਤਕ ਨਾ ਕਿਹਾ। ਮੋਦੀ ਦੀ ਸਾਰਾ ਝੁਕਾਅ ਇਸ ਗੱਲ ਤੇ ਕੇਂਦਰਤ ਹੈ ਕਿ ਚੀਨ ਦੇ ਮੁਕਾਬਲੇ ਉਹ ਮਿਆਂਮਾਰ ਨਾਲ ਨੇੜਲੇ ਸਬੰਧ ਕਿਵੇਂ ਬਣਾਏ ਹਾਲਾਂ ਕਿ ਮੁਸਲਮਾਨਾਂ ਦੇ ਨਾਲ ਨਾਲ ਡਰੇ ਹੋਏ ਹਿੰਦੂ ਵੀ ਮਿਆਂਮਾਰ ਤੋਂ ਉੱਜੜ ਰਹੇ ਹਨ।


ਲੇਖਕ- ਕੁਲਵੰਤ ਸਿੰਘ ‘ਢੇਸੀ’Back    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।