Singh Sabha-U.S.A.
Articles

ਖਾਲਸਾ ਪੰਥ ਬਨਾਮ ਡੇਰਾਵਾਦ (ਭਾਗ ਇੱਕੀਵਾਂ)
Sep 15,2017
(ਰਾਜਿੰਦਰ ਸਿੰਘ,ਸ਼੍ਰੋਮਣੀ ਖਾਲਸਾ ਪੰਚਾਇਤ)

 

ਡੇਰਿਆਂ ਦੀਆਂ ਕਿਸਮਾਂ
(ਪੂਰਨ ਗੁਰੂਡੰਮ)

ਸੱਚਾ ਸੌਦਾ ਦੇ ਨਾਂ 'ਤੇ ਕੂੜ ਦਾ ਵਪਾਰ:
             
ਇਹ ਡੇਰਾ ੧੯੪੮ ਵਿਚ ਰਾਧਾ ਸੁਆਮੀ ਡੇਰਾ ਬਿਆਸ 'ਚੋਂ ਨਿਕਲੇ ਮਸਤਾਨਾ ਬਲੂਚਿਸਤਾਨੀ ਵਲੋਂ ਸਥਾਪਤ ਕੀਤਾ ਗਿਆ। ਜਿਵੇਂ ਬਹੁਤੇ ਪਖੰਡੀ ਸਾਧਾਂ ਵਲੱੋਂ ਆਪਣੇ ਆਪ ਨੂੰ ਮਹਾਨ ਦਰਸਾਉਣ ਵਾਸਤੇ ਆਪਣੇ ਨਾਂ ਨਾਲ ਕੁਝ ਡਿਗਰੀਆਂ ਲਾਈਆਂ ਜਾਂਦੀਆਂ ਹਨ ਜਾ ਵਿਲੱਖਣਤਾ ਵਿਖਾਈ ਜਾਂਦੀ ਹੈ, ਇਹ ਵੀ ਅਪਣੇ ਆਪ ਨੂੰ ਬੇਪਰਵਾਹ ਮਸਤਾਨਾ ਜੀ ਮਹਾਰਾਜ ਅਖਵਾਉਂਦਾ ਸੀ। ੧੮ ਅਪ੍ਰੈਲ ੧੯੬੦ ਵਿਚ ਇਸ ਦੀ ਮੌਤ ਤੋਂ ਬਾਅਦ ਸਤਨਾਮ ਸਿੰਘ ਨਾਂਅ ਦਾ ਵਿਅਕਤੀ ਇਸ ਡੇਰੇ ਦਾ ਮੁਖੀ ਬਣਿਆ। ਇਸ ਵਲੋਂ ਵੀ ਆਪਣਾ ਨਾਂਅ ਸ਼ਾਹ ਸਤਨਾਮ ਪ੍ਰਚੱਲਤ ਕੀਤਾ ਗਿਆ। ਸੰਨ ੧੯੯੦ ਵਿਚ ਇਸ ਦੀ ਮੌਤ ਤੋਂ ਬਾਅਦ ਇਸ ਦੰਭ ਦਾ ਮੁਖੀ ਗੁਰਮੀਤ ਸਿੰਘ ਬਣਿਆ। ਇਸ ਨੇ ਵੀ ਹਰ ਕੌਮ ਦੇ ਭੋਲੇ-ਭਾਲੇ ਪੈਰੋਕਾਰਾਂ ਨੂੰ ਮੂਰਖ ਬਣਾਉਣ ਵਾਸਤੇ ਆਪਣਾ ਨਾਂ "ਗੁਰਮੀਤ ਰਾਮ ਰਹੀਮ ਸਿੰਘ" ਰਖ ਲਿਆ। ਇਸ ਨਾਂ ਨਾਲ ਇਹ ਲੋਕਾਈ ਨੂੰ ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਸਾਰੇ ਧਰਮਾਂ ਦੀ ਵਲਗਣ ਤੋਂ ਉਪਰ ਹੈ। ਇਸ ਦੇ ਮੁਖੀ ਬਣਨ ਸਮੇਂ ਦੇ ਵੀ ਕਈ ਸਾਜਿਸ਼ਾਂ ਹੋਣ ਦੇ ਚਰਚੇ ਹਨ, ਪਰ ਸਭ ਤੋਂ ਵੱਧ ਚਰਚਾ ਇਹ ਹੈ, ਕਿ ਇਸ ਨੇ ਉਸ ਵੇਲੇ ਦੇ ਇਕ ਸਰਗਰਮ ਖਾੜਕੂ ਦੀ ਮਦਦ ਨਾਲ ਡੇਰੇ 'ਤੇ ਕਬਜ਼ਾ ਕੀਤਾ। ਭੋਲੇ-ਭਾਲੇ ਸਿੱਖਾਂ ਨੂੰ 'ਸੰਤ ਸਾਜਨ ਭਏ ਸਰਸੇ' ਦਾ ਹਵਾਲਾ ਦੇ ਕੇ ਇਹ ਭਰਮਾਉਂਦੇ ਹਨ ਕਿ ਗੁਰਬਾਣੀ ਵਿਚ ਹਰਿਆਣਾ ਦੇ ਸਰਸਾ ਸ਼ਹਿਰ ਵਿਚ ਪੂਰੇ ਸਤਿਗੁਰ ਦੇ ਪ੍ਰਗਟ ਹੋਣ ਬਾਬਤ ਲਿਖਿਆ ਹੋਇਆ ਹੈ ਜਦਕਿ ਇਹ ਪੰਕਤੀ ਆਨੰਦ ਬਾਣੀ ਦੀ ਚਾਲ੍ਹੀਵੀਂ ਅੰਤਮ ਪਉੜੀ ਵਿਚੋਂ ਹੈ, ਜਿਸਦਾ ਅਸਲ ਭਾਵ ਇੰਝ ਹੈ:

"ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥"੪੦॥੧॥  {ਰਾਮਕਲੀ ਮਹਲਾ ੩ ਅਨੰਦ, ਪੰਨਾ ੯੨੨}


ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ । ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ । ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿਤ੍ਰ-ਆਤਮਕ ਹੋ ਜਾਂਦੇ ਹਨ, ਇਸ ਬਾਣੀ ਵਿਚ ਉਹਨਾਂ ਨੂੰ ਸਤਿਗੁਰੂ ਹੀ ਦਿੱਸਦਾ ਹੈ ।


ਨਾਨਕ ਬੇਨਤੀ ਕਰਦਾ ਹੈ—ਜੇਹੜੇ ਬੰਦੇ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਅੰਦਰ ਇਕ-ਰਸ (ਖ਼ੁਸ਼ੀ ਦੇ) ਵਾਜੇ ਵੱਜ ਪੈਂਦੇ ਹਨ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ) ।੪੦।

ਇਥੇ ਸਰਸੇ ਸ਼ਬਦ ਕਿਸੇ ਸ਼ਹਿਰ ਦੇ ਨਾਂਅ ਵਾਸਤੇ ਨਹੀਂ ਵਰਤਿਆ ਗਿਆ ਬਲਕਿ ਇਹ ਦੋ ਸ਼ਬਦਾਂ ਦਾ ਸੁਮੇਲ ਹੈ ਸ+ਰਸੇ ਭਾਵ ਉਨ੍ਹਾਂ ਦੇ ਜੀਵਨ ਰਸ ਨਾਲ ਭਰ ਗਏ। ਇਸੇ ਵਾਸਤੇ ਉਪਰ ਪ੍ਰੋ. ਸਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਦਰਪਣ ਵਿਚ ਇਸ ਪੰਕਤੀ ਦੇ ਭਾਵ ਅਰਥ ਇਹ ਕੀਤੇ ਹਨ ਕਿ "ਜੇਹੜੇ ਸੰਤ ਗੁਰਮੁਖਿ ਪੂਰੇ ਗੁਰੂ ਤੋਂ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ" ।


ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਵਿਚ 'ਸਰਸੀ' ਸ਼ਬਦ ਵੀ ਆਉਂਦਾ ਹੈ:

"ਸਾਵਣਿ ਸਰਸੀ ਕਾਮਣੀ  ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ  ਇਕੋ ਨਾਮੁ ਅਧਾਰੁ ॥
ਬਿਖਿਆ ਰੰਗ ਕੂੜਾਵਿਆ  ਦਿਸਨਿ ਸਭੇ ਛਾਰੁ ॥"   {ਬਾਰਹ ਮਾਹਾ ਮਾਝ ਮਹਲਾ ੫, ਪੰਨਾ ੧੩੪}


ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ । ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ ।

ਦੋਹਾਂ ਪ੍ਰਮਾਣਾਂ ਤੋਂ ਬਿਲਕੁਲ ਸਪੱਸ਼ਟ ਹੈ ਕਿ ਇਹ 'ਸਰਸੇ' ਜਾਂ 'ਸਰਸੀ' ਸ਼ਬਦ ਕਿਸੇ ਸ਼ਹਿਰ ਦੇ ਨਾਂ ਵਜੋਂ ਨਹੀਂ, ਸਗੋਂ ਅਧਿਆਤਮਕ  ਰੰਗ ਵਿਚ ਰੰਗੇ ਹੋਏ ਜੀਵਨ ਦੇ ਵਾਸਤੇ ਵਰਤੇ ਗਏ ਹਨ।


ਸਰਸੇ ਵਾਲੇ ਹਰ ਸਿੱਖ ਸੰਕਲਪ ਦਾ, ਥੋੜ੍ਹਾ ਬਹੁਤਾ ਨਾਂਅ ਜਾਂ ਰੂਪ ਬਦਲ ਕੇ ਨਕਲ ਉਤਾਰ ਰਹੇ ਹਨ ਤੇ ਹੌਲੀ ਹੌਲੀ ਸਿੱਖਾਂ ਨੂੰ ਸਿੱਖ ਧਰਮ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਰੂ ਨਾਨਕ ਸਾਹਿਬ ਨਾਲ ਸਬੰਧਤ ਸੱਚੇ-ਸੌਦੇ ਵਾਲੀ ਸਾਖੀ ਦੇ ਅਧਾਰ 'ਤੇ 'ਡੇਰਾ ਸੱਚਾ ਸੌਦਾ' ਨਾਂ ਰੱਖਣਾ ਭੋਲੇ–ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਣੇ ਆਪ ਵਿਚ ਇਕ ਵੱਡੀ ਸ਼ਰਾਰਤ ਹੈ। ਜੇ ਸਿੱਖ 'ਸ਼ਬਦ ਗੁਰੂ' ਨੂੰ ਮੰਨਦੇ ਹਨ ਤਾਂ ਸਰਸੇ ਵਾਲਿਆਂ ਨੇ ਸਿੱਖਾਂ ਨੂੰ ਗੁਰਮੀਤ ਰਾਮ ਰਹੀਮ ਸਿੰਘ' ਨਾਂਅ ਦੇ ਦੇਹਧਾਰੀ ਮਨੁੱਖ ਦੇ ਲੜ੍ਹ ਲਾਉਣਾ ਸ਼ੁਰੂ ਕੀਤਾ ਹੋਇਆ ਹੈ। ਜੇ ਸਿੱਖ 'ਦਸ਼ਮੇਸ਼ ਪਿਤਾ' ਸ਼ਬਦ ਵਰਤਦੇ ਹਨ ਤਾਂ ਸਰਸੇ ਵਾਲੇ ਆਪਣੇ ਅਖੌਤੀ ਗੁਰੂ ਨੂੰ 'ਪਿਤਾ ਜੀ' ਕਹਿੰਦੇ ਹਨ। ਮੂਲ ਮੰਤਰ ਦੇ ਮੁਕਾਬਲੇ 'ਤੇ ਵੀ ਸਰਸੇ ਵਾਲੇ 'ਸਤਿਪੁਰਖ ਨਿਰੰਕਾਰ ਅਕਾਲ ਮੂਰਤਿ ਅਬਿਨਾਸੀ ਸ਼ਬਦ ਸਰੂਪੀ ਰਾਮ' ਸ਼ਬਦਾਂ ਵਾਲਾ ਮੂਲਮੰਤਰ ਦਿੰਦੇ ਹਨ। (ਹੁਣ ਸਤਿਪੁਰਖ ਨਿਰੰਕਾਰ ਤੇ ਅਬਿਨਾਸੀ ਸ਼ਬਦ ਕੱਢਕੇ ਮੰਤਰ ਛੋਟਾ ਕਰ ਦਿੱਤਾ ਹੈ)। ਇਉਂ ਹੀ ਗੁਰਬਾਣੀ ਦੀ ਥਾਂ ਗਾਇਨ ਕਰਨ ਲਈ ਬਹੁਤ ਸਾਰੀਆਂ ਨਵੀਆਂ ਕਵਿਤਾਵਾਂ ਸਰਸੇ ਵਾਲਿਆਂ ਨੇ ਦਿੱਤੀਆਂ ਹਨ। 'ਸੰਗਤ' ਸ਼ਬਦ ਦਾ ਬਦਲ ਸਰਸੇ ਵਾਲਿਆਂ ਨੇ 'ਪ੍ਰੇਮੀ' ਅਤੇ ਮੁੱਖ-ਸੇਵਾਦਾਰ ਦਾ ਬਦਲ 'ਭੰਗੀ ਦਾਸ' ਦਿੱਤਾ ਹੈ। 'ਗੁਰਦੁਆਰੇ' ਦੀ ਥਾਂ 'ਨਾਮ-ਚਰਚਾ ਘਰ' ਬਣਾਏ ਹਨ, ਜੋ ਦਿਨੋਂ ਦਿਨ ਵਧੀ ਜਾ ਰਹੇ ਹਨ।


ਸਰਸੇ ਵਾਲਿਆਂ ਦੇ ਏਜੰਟ ਪਤਿਤ ਅਤੇ ਕਮਜ਼ੋਰ ਆਰਥਿਕਤਾ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਬਿਆਸੇ ਦੇ ਰਾਧਾ ਸੁਆਮੀ ਡੇਰੇ 'ਚੋਂ ਨਿਕਲੇ ਹੋਣ ਕਾਰਨ ਇਥੇ ਵੀ ਉਹੀ ਤਰੀਕਾ ਵਰਤਿਆ ਜਾਂਦਾ ਹੈ। ਲੋਕਾਂ ਵਲੋਂ ਭੇਟ ਕੀਤੀ ਜ਼ਮੀਨ ਉਤੇ ਲੋਕਾਂ ਕੋਲੋਂ ਹੀ ਸੇਵਾ ਦੇ ਨਾਂਅ 'ਤੇ ਕੰਮ ਕਰਵਾ ਕੇ  ਉਸ ਪੈਦਾਵਾਰ ਨੂੰ ਸ਼ਰਧਾਲੂਆਂ ਨੂੰ ਬਜ਼ਾਰ ਨਾਲੋਂ ਕੁਝ ਸਸਤੇ ਰੇਟ 'ਤੇ ਵੇਚਿਆ ਜਾਂਦਾ ਹੈ। ਇੰਝ ਸਸਤੇ ਰੇਟਾਂ 'ਤੇ ਘਰੇਲੂ ਸਮਾਨ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦਾ ਹੈ। ਇਨ੍ਹਾਂ ਡੇਰਾ ਰਾਧਾ ਸੁਆਮੀ ਬਿਆਸ ਤੋਂ ਅੱਗੇ ਜਾਂਦਿਆਂ ਕਈ ਘਰੇਲੂ ਲੋੜ ਦੀਆਂ ਚੀਜ਼ਾਂ ਜਿਵੇ ਬਿਸਕੁਟ ਆਦਿ ਦੀਆਂ ਫੈਕਟਰੀਆਂ ਲਾਈਆਂ ਹਨ। ਇਨ੍ਹਾਂ ਫੈਕਟਰੀਆਂ ਵਿਚ ਬਣਿਆ ਸਮਾਨ ਇਨ੍ਹਾਂ ਦੇ ਸ਼ਰਧਾਲੁ ਪੈਰੋਕਾਰ, ਆਪਣੇ ਗੁਰੂ ਦੀ ਬਖਸ਼ਿਸ਼ ਸਮਝ ਕੇ ਬੜੇ ਚਾਅ ਨਾਲ ਖਰੀਦ ਕੇ ਲਿਆਉਂਦੇ ਹਨ। ਇਸ ਤਰ੍ਹਾਂ ਕਮਾਈ ਦਾ ਦੋਹਰਾ ਸਾਧਨ ਬਣਿਆ ਹੋਇਆ ਹੈ। ਸ਼ਰਧਾਲੂਆਂ ਦੀ ਭੇਟਾ ਅਲੱਗ ਅਤੇ ਉਨ੍ਹਾਂ ਦੀ ਸ਼ਰਧਾ ਦਾ ਮੁੱਲ ਵਟਦੇ ਹੋਏ ਵਪਾਰ ਅਲੱਗ। ਹੁਣ ਯੋਗਾ ਵਾਲੇ ਰਾਮਦੇਵ ਦੀ ਨਕਲ ਉਤਾਰ ਕੇ ਰਾਮ ਰਹੀਮ ਨੇ ਵੀ ਆਪਣੀਆਂ ਉਤਪਾਦਾਂ ਵਿਚ ਕਾਫੀ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਖੁਲ੍ਹੀ ਮਾਰਕੀਟ ਵਿਚ ਲੈ ਆਂਦਾ ਹੈ। ਇਸ ਤੋਂ ਇਲਾਵਾ ਇਸ ਨੇ ਆਪਣੇ ਸ਼ਰਧਾਲੂਆਂ ਦੀਆਂ ਅੰਧੀਆਂ ਭਾਵਨਾਵਾਂ ਦਾ ਪੂਰਾ ਮੁੱਲ ਵੱਟਣ ਲਈ ਫਿਲਮਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਵਿਚ ਇਹ ਆਪ ਹੀ ਹੀਰੋ ਹੁੰਦਾ ਹੈ ਅਤੇ ਨਿਰਮਾਨ ਨਾਲ ਜੁੜੇ ਬਹੁਤੇ ਬਾਕੀ ਕੰਮ ਵੀ ਆਪਣੇ ਅਧੀਨ ਹੀ ਰਖਦਾ ਹੈ। ਇਨ੍ਹਾਂ ਫਿਲਮਾਂ ਵਿਚ ਆਪਣੀਆਂ ਬਾਂਦਰ ਟਪੂਸੀਆਂ ਰਾਹੀਂ ਇਹ ਲੋਕਾਂ ਨੂੰ ਆਪਣੇ ਕਰਾਮਾਤੀ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੀਆਂ ਫਿਲਮਾਂ ਆਮ ਜਨਤਾ ਵਿਚ ਤਾਂ ਕੋਈ ਪ੍ਰਭਾਵ ਨਹੀਂ ਪਾ ਸਕੀਆਂ ਪਰ ਇਸ ਦੇ ਆਪਣੇ ਸ਼ਰਧਾਲੂ ਕੀਮਤੀ ਟਿਕਟਾਂ ਖਰੀਦ ਕੇ ਵੇਖਦੇ ਹਨ। ਇੰਝ ਉਹ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਆਪਣੇ ਸ਼ਰਧਾਲੁਆਂ ਦੀ ਅੰਧੀ ਸ਼ਰਧਾ ਦਾ ਪੂਰਾ ਮੁੱਲ ਵੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।


ਜਿਸ ਪਤਿਤ ਸਿੱਖ ਨੂੰ ਗੁਰਦੁਆਰੇ ਦੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾ ਸਕਦਾ, ਉਸ ਨੂੰ ਇਹ ਵਿਸ਼ੇਸ਼ ਸਹੂਲਤਾਂ ਦਿੰਦੇ ਹਨ। ਇਉਂ ਅਨੇਕਾਂ ਕੱਚ-ਪਕੱਚੇ ਸਿੱਖ ਇਨ੍ਹਾਂ ਦੇ ਚੁੰਗਲ ਵਿਚ ਫਸ ਕੇ ਸਿੱਖ ਧਰਮ ਤੋਂ ਬਾਗੀ ਹੋ ਚੁੱਕੇ ਹਨ। ਸਿੱਖ ਸੰਗਤਾਂ ਨੂੰ ਇਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।


ਇਨ੍ਹਾਂ ਆਪਣੇ ਡੇਰਿਆ ਵਿਚ ਕਈ ਨੌਜੁਆਨ ਲੜਕੀਆਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਸਾਧਵੀਆਂ ਆਖਦੇ ਹਨ। ਇਨ੍ਹਾਂ ਸਾਧਵੀਆ ਵਿਚੋਂ ਹੀ ਇਕ ਨੇ ਹੌਸਲਾ ਕਰਕੇ ਸੰਨ ੨੦੦੨ ਵਿਚ ਇਸ ਡੇਰੇ ਵਿਚ, ਇਨ੍ਹਾਂ ਬੱਚੀਆਂ ਦੇ ਹੋ ਰਹੇ ਸ਼ਰੀਰਕ ਅਤੇ ਮਾਨਸਿਕ ਸੋਸ਼ਣ ਵੱਲ ਸਮਾਜ ਦਾ ਧਿਆਨ ਦਿਵਾਇਆ। ਉਸ ਨੇ ਆਪਣਾ ਨਾਂ ਜ਼ਾਹਿਰ ਕੀਤੇ ਬਗੈਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖ ਕੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਡੇਰਾ ਮੁਖੀ ਰਾਮ ਰਹੀਮ ਵਲੋਂ ਡੇਰੇ ਵਿੱਚ ਰਖੀਆਂ ਸਾਧਵੀਆਂ ਦਾ ਲਗਾਤਾਰ ਸ਼ਰੀਰਕ ਸੋਸ਼ਣ ਕੀਤਾ ਜਾ ਰਿਹਾ ਹੈ। ਉਸ ਨੇ ਜ਼ਬਰਦਸਤੀ ਰਾਮ ਰਹੀਮ ਵੱਲੋਂ ਆਪਣੀ ਪੱਤ ਲੁੱਟੇ ਜਾਣ ਦੀ ਦੁੱਖਦਾਈ ਵਿਥਿਆ ਵੀ ਬਿਆਨ ਕੀਤੀ। ਉਸ ਨੇ ਲਿਖਿਆ ਕਿ ਕਹਿਣ ਨੂੰ ਤਾਂ ਉਹ ਚਿੱਟੇ ਕਪੜੇ ਪਾ ਕੇ ਸਾਧਵੀਆਂ ਬਣੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਵੇਸ਼ਵਵਾਂ ਵਾਲੀ ਜ਼ਿੰਦਗੀ ਜੀਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਸ ਚਿੱਠੀ ਦੇ ਅਧਾਰ ਤੇ ਸੈਸ਼ਨ ਕੋਰਟ ਦੇ ਇਕ ਜੱਜ ਤੋਂ ਪੁੱਛ-ਪੜਤਾਲ ਕਰਵਾਈ ਤਾਂ ਜੱਜ ਸਾਹਿਬ ਵੱਲੋਂ, ਰਿਪੋਰਟ ਵਿਚ ਇਨ੍ਹਾਂ ਦੋਸ਼ਾਂ ਦੇ ਸੱਚ ਹੋਣ ਦਾ ਸੰਕੇਤ ਦਿੱਤਾ ਗਿਆ। ਉਸ ਤੋਂ ਬਾਅਦ ਸੀ. ਬੀ.ਆਈ. ਨੂੰ  ਪੜਤਾਲ ਕਰਨ ਦੇ ਆਦੇਸ਼ ਦਿੱਤੇ ਗਏ। ਮਿਲੇ ਸਬੂਤਾਂ ਦੇ ਆਧਾਰ ਤੇ ੨੦੦੭ ਵਿੱਚ ਇਸ ਦੇ ਖਿਲਾਫ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਕੇਸ ਦਰਜ ਕੀਤਾ ਗਿਆ।


ਅੱਜ-ਕੱਲ ਇਸ ਡੇਰੇ ਦਾ ਮੁਖੀ ਅਖੌਤੀ ਗੁਰਮੀਤ ਰਾਮ ਰਹੀਮ ਜਿਥੇ ਬਲਾਤਕਾਰਾਂ ਦੇ ਕੇਸਾਂ ਵਿਚ ਫਸਿਆ ਹੋਇਆ ਹੈ ਉਥੇ ਨਾਲ ਹੀ ਇੱਕ ਪੱਤਰਕਾਰ ਅਤੇ ਇਕ ਆਪਣੇ ਡੇਰੇ ਦੇ ਮੈਨੇਜਰ ਦੇ ਕਤਲ ਦੇ ਕੇਸ, ਇਸ ਵਿਰੁਧ ਅਦਾਲਤ ਵਿਚ ਚਲ ਰਹੇ ਹਨ। ਇਨ੍ਹਾਂ ਕਤਲਾਂ ਦਾ ਪਿਛੋਕੜ ਵੀ ਇਹੀ ਦਸਿਆ ਜਾਂਦਾ ਹੈ ਕਿ ਇਹ ਲੋਕ ਅਖੌਤੀ ਰਾਮ ਰਹੀਮ ਦੀਆਂ ਅਨੈਤਿਕ ਕਰਤੂਤਾਂ ਨੂੰ ਜੱਗ ਜ਼ਾਹਿਰ ਕਰਨਾ ਚਾਹੁੰਦੇ ਸਨ। ਜਿਵੇਂ ਇਤਨਾ ਹੀ ਪਾਪ ਅਤੇ ਜ਼ੁਲਮ ਕਾਫੀ ਨਹੀਂ ਸੀ, ਪਿਛਲੇ ਦਿਨਾਂ ਵਿਚ ਇਸ ਖਿਲਾਫ ਆਪਣੇ ਚਾਰ ਸੌ ਦੇ ਕਰੀਬ ਮਰਦ ਸੇਵਕਾਂ ਨੂੰ ਹੀਜੜੇ ਬਨਾਉਣ ਦਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਨੂੰ ਇਹ ਝਾਂਸਾ ਦਿੱਤਾ ਗਿਆ ਕਿ ਜੇ ਉਹ ਹੀਜੜੇ ਬਣ ਜਾਣ ਤਾਂ ਉਹ ਉਨ੍ਹਾਂ ਦਾ ਪ੍ਰਮੇਸ਼ਰ ਨਾਲ ਮਿਲਾਪ ਕਰਵਾ ਦੇਵੇਗਾ। ਹਾਲਾਂਕਿ ਇਸ ਦੇ ਜਿਸ ਪੀੜਤ ਸੇਵਕ ਨੇ ਇਹ ਕੇਸ ਦਰਜ ਕਰਾਇਆ ਉਸ ਨੇ ਇਹ ਦੱਸਿਆ ਕਿ ਬਹੁਤੇ ਸੇਵਕਾਂ ਨੂੰ ਜ਼ਬਰਦਸਤੀ ਅਪ੍ਰੇਸ਼ਨ ਕਰ ਕੇ ਹੀਜੜੇ ਬਣਾਇਆ ਗਿਆ। ਦੁਨੀਆਂ ਦੇ ਕਿਸੇ ਧਰਮ ਵਿਚ ਕਦੇ ਸੁਣਿਆ ਹੈ ਕਿ ਹੀਜੜੇ ਬਣਨ ਨਾਲ ਪ੍ਰਮੇਸਰ ਮਿਲ ਜਾਂਦਾ ਹੋਵੇ, ਜੇ ਐਸਾ ਹੁੰਦਾ ਤਾਂ ਹੀਜੜੇ ਤਾਂ ਸਾਰੇ ਮੁਕਤ ਹੋ ਗਏ ਹੁੰਦੇ ਅਤੇ ਉਹ ਪ੍ਰਮਾਤਮਾ ਦੇ ਸਭ ਤੋਂ ਚੰਗੇ ਭਗਤ ਕਰ ਕੇ ਸਨਮਾਨੇ ਜਾਂਦੇ।


ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵੀ ਫੁਰਮਾਉਂਦੀ ਹੈ:

"ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥" {ਗਉੜੀ ਕਬੀਰ ਜੀ, ਪੰਨਾ ੩੨੪}


ਹੇ ਭਾਈ ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ ?


ਇਹ ਸਮਝਿਆ ਜਾਂਦਾ ਹੈ ਕਿ ਸਾਧਵੀਆਂ ਦੇ ਨਾਂਅ 'ਤੇ ਜੋ ਜੁਆਨ ਬੱਚੀਆਂ ਡੇਰੇ ਵਿਚ ਰਖੀਆਂ ਜਾਂਦੀਆਂ ਹਨ, ਉਨ੍ਹਾਂ ਦਾ ਸਰੀਰਕ ਸੋਸ਼ਣ ਕਰਨਾ ਇਹ ਅਖੌਤੀ ਰਾਮ ਰਹੀਮ ਆਪਣਾ ਇਕਲੇ ਦਾ ਹੱਕ ਸਮਝਦਾ ਹੈ ਅਤੇ ਉਸ ਨੂੰ ਡਰ ਰਹਿੰਦਾ ਹੈ ਕਿ ਉਨ੍ਹਾਂ ਦੇ ਕਿਸੇ ਹੋਰ ਮਰਦ ਨਾਲ ਕੋਈ ਸਬੰਧ ਨਾ ਬਣ ਜਾਣ। ਇਸੇ ਕਰ ਕੇ ਮਰਦਾਂ ਨੂੰ ਹੀਜੜੇ ਬਣਾ ਦਿੱਤਾ ਜਾਂਦਾ ਹੈ। ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਜਿਵੇਂ ਪੁਰਾਤਨ ਸਮੇਂ ਵਿਚ ਰਾਜੇ-ਮਹਾਰਾਜੇ ਆਪਣੇ ਹਰਮ ਵਿਚ ਰਖੀਆਂ ਅਨੇਕਾਂ ਰਾਣੀਆਂ ਦੀ ਸੇਵਾ ਵਾਸਤੇ ਹੀਜੜੇ ਰਖਦੇ ਸਨ।
ਇਸ ਤੋਂ ਵੀ ਉਤੇ ਬਲਿਹਾਰ ਜਾਈਏ ਸਾਡੇ ਸਿਆਸੀ ਆਗੂਆਂ ਅਤੇ ਕਾਨੂੰਨ ਵਿਵਸਥਾ ਦੇ ਕਿ ਇਤਨੇ ਗੰਭੀਰ ਕੇਸ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਸਗੋਂ ਸਾਲਾਂ ਦੇ ਸਾਲ ਪੁੱਛ ਪੜਤਾਲ ਵਿਚ ਹੀ ਲੰਘਾਏ ਜਾ ਰਹੇ ਹਨ, ਅਦਾਲਤਾਂ ਲੰਬੀਆਂ ਲੰਬੀਆਂ ਬੇਨਤੀਜਾ ਤਾਰੀਖਾਂ ਪਾਕੇ ਸਮਾਂ ਬਿਤਾਈ ਜਾ ਰਹੀਆਂ ਹਨ। ਮਜ਼ਲੂਮ ਭਾਵੇਂ ਤੜਫ ਤੜਫ ਕੇ ਮਰ ਜਾਣ ਕੇਵਲ ਵੋਟਾਂ ਦੀ ਖੇਡ ਹੀ ਵਰਤ ਰਹੀ ਹੈ।


     ਇਹ ਅਖੌਤੀ ਰਾਮ ਰਹੀਮ ਵੀ ਆਪਣੇ ਆਪ ਨੂੰ ਪੰਜਾਬ ਦੇ ਕੁਝ ਹੋਰ ਬਾਬਿਆਂ ਦੀ ਤਰਾਂ੍ਹ ਪੂਰਨ ਗੁਰੂ,  ਬਲਕਿ ਰੱਬ ਹੀ ਸਮਝਦਾ ਅਤੇ ਅਖਵਾਂਦਾ ਹੈ। ਤਾਂਹੀ ਤਾਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਂਗ ਉਤਾਰਨ ਅਤੇ ਸਿੱਖੀ ਦੀ ਸਭ ਤੋਂ ਮੌਲਿਕ ਅਤੇ ਪਵਿੱਤਰ ਸੰਸਥਾ, ਖੰਡੇ ਬਾਟੇ ਦੀ ਪਾਹੁਲ ਛਕਣ ਦੀ ਮਰਿਆਦਾ ਦਾ ਮਜ਼ਾਕ ਉਡਾਣ ਦਾ ਹੀਆ ਕੀਤਾ ਹੈ। ਇਹ ਆਪਣੇ ਇਸ ਪਾਣੀ ਨੂੰ ਜਾਮੇ ਇਨਸਾਂ ਕਹਿੰਦੇ ਹਨ। ਜਿਵੇਂ ਸਿੱਖ ਪਾਹੁਲ ਛਕਣ ਤੋਂ ਬਾਅਦ ਆਪਣੇ ਨਾਂਅ ਨਾਲ 'ਖ਼ਾਲਸਾ' ਦੀ ਉਪਮਾ ਲਾਉਣ ਦਾ ਅਧਿਕਾਰੀ ਹੋ ਜਾਂਦਾ ਹੈ, ਇਹ ਪੀਣ ਵਾਲੇ  ਆਪਣੇ ਨਾਂਅ ਨਾਲ, ਇਨਸਾਂ ਸ਼ਬਦ ਵਰਤਣਾ ਸ਼ੂਰੂ ਕਰ ਦੇਂਦੇ ਹਨ। ਮਈ ੨੦੦੭ ਵਿਚ ਸਲਾਬਤਪੁਰ ਦੇ ਡੇਰੇ 'ਤੇ ਗੁਰਮੀਤ ਰਾਮ ਰਹੀਮ ਵਲੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਖੰਡੇ-ਬਾਟੇ ਦੀ ਪਾਹੁਲ ਅਤੇ ਪਹਿਰਾਵੇ ਦੀ ਨਕਲ ਉਤਾਰਨ 'ਤੇ ਸਿੱਖ ਕੌਮ ਅੰਦਰ ਇਕ ਰੋਸ ਅਤੇ ਰੋਹ ਦੀ ਲਹਿਰ ਉਠ ਪਈ ਅਤੇ ਇਨ੍ਹਾਂ ਨਾਲ ਸਿੱਧਾ ਟਕਰਾ ਸ਼ੁਰੂ ਹੋ ਗਿਆ। ਸਾਰੀ ਕੌਮ ਦੀਆਂ ਭਾਵਨਾਵਾਂ ਭੜਕ ਪਈਆਂ। ਸਾਰੇ ਦੇਸ਼ ਵਿਚ ਥਾਂ ਥਾਂ 'ਤੇ ਰੋਸ ਵਿਖਾਵੇ ਹੋਏ ਅਤੇ ਪਖੰਡੀ ਰਾਮ ਰਹੀਮ ਦੇ ਪੁਤਲੇ ਸਾੜੇ ਗਏ।
੧੭ ਮਈ ੨੦੦੭ ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਖੌਤੀ ਜਥੇਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਪੂਰਨ ਬਾਈਕਾਟ ਦਾ ਸੱਦਾ ਦਿੱਤਾ ਅਤੇ ਪੰਜਾਬ ਸਰਕਾਰ ਨੂੰ ੧੦ ਦਿਨਾਂ ਵਿਚ ਰਾਮ ਰਹੀਮ ਨੂੰ ਗ੍ਰਿਫਤਾਰ ਕਰਨ ਦਾ ਨੋਟਿਸ ਦਿੱਤਾ, ਅਤੇ ਪੰਜਾਬ ਵਿਚਲੇ ਡੇਰੇ ਬੰਦ ਕਰਨ ਦਾ ਆਦੇਸ਼ ਦਿੱਤਾ। ਉਥੇ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਸਿੱਖ ਸੰਗਤਾਂ ਦੀ ਇਸ ਤੋਂ ਤਸੱਲੀ ਨਹੀਂ ਹੋਈ ਅਤੇ ਉਨ੍ਹਾਂ ਜੋਗਿੰਦਰ ਸਿੰਘ ਵੇਦਾਂਤੀ ਅਤੇ ਬਾਦਲ ਖਿਲਾਫ ਨਾਰੇ ਮਾਰੇ। ਵੇਦਾਂਤੀ ਨੂੰ ਬੋਲਣ ਤੋਂ ਵੀ ਰੋਕ ਦਿੱਤਾ ਗਿਆ। ਬਾਅਦ ਵਿਚ ਜਥੇਦਾਰ ਆਪਣੇ ਜਾਰੀ ਕੀਤੇ ਇਸ ਆਦੇਸ਼ ਨੂੰ ਲਾਗੂ ਕਰਾਉਣ ਤੋਂ ਵੀ ਭੱਜ ਗਏ।


ਇਸੇ ਦਿਨ ਇਸ ਇਕੱਠ ਤੋਂ ਮੁੜਦੇ ਹੋਏ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਸੁਨਾਮ ਨੇੜੇ ਸਲਾਬਤਪੁਰ ਦੇ ਡੇਰੇ ਨੂੰ ਘੇਰ ਲਿਆ। ਡੇਰੇ ਅੰਦਰੋਂ ਗੋਲੀ ਚਲਾਉਣ 'ਤੇ ਕੰਵਲਜੀਤ ਸਿੰਘ ਨਾਂ ਦਾ ਸਿੱਖ ਨੌਜੁਆਨ ਸ਼ਹੀਦ ਹੋ ਗਿਆ। ਉਥੇ ਸੰਗਤਾਂ ਦੀ ਅਗਵਾਈ ਕਰਨ ਦਾ ਵਿਖਾਵਾ ਕਰ ਰਹੇ ਬਾਬੇ ਧੂੰਮੇ ਦੀ ਸਾਧ ਮੰਡਲੀ ਨੇ ਸਰਕਾਰ ਦੀ ਖੇਡ ਖੇਡਦੇ ਹੋਏ ਸੰਗਤਾਂ ਦੇ ਇਤਨੇ ਵੱਡੇ ਰੋਹ ਨੂੰ ਮਾਰਨ ਦਾ ਕੰਮ ਕੀਤਾ ਅਤੇ ਸੰਗਤਾਂ ਬਗੈਰ ਕਿਸੇ ਪ੍ਰਾਪਤੀ ਦੇ ਇਕ ਨੌਜੁਆਨ ਸਿੰਘ ਨੂੰ ਸ਼ਹੀਦ ਕਰਾਕੇ ਵਾਪਿਸ ਮੁੜ ਆਈਆਂ।


੨੦ ਮਈ ੨੦੦੭ ਨੂੰ ਬਠਿੰਡਾ ਪੁਲੀਸ ਵਲੋਂ ਗੁਰਮੀਤ ਰਾਮ ਰਹੀਮ ਵਿਰੁਧ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਧਾਰਾ ੨੯੫ ਏ ਅਧੀਨ ਕੇਸ ਦਰਜ ਕਰ ਲਿਆ ਗਿਆ, ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਬਾਅਦ ਵਿਚ ਪੰਜਾਬ ਸਰਕਾਰ ਵਲੋਂ ਕੇਸ ਵੀ ਚੁੱਪ-ਚੁਪੀਤੇ ਵਾਪਸ ਲਿਆ ਜਾ ਚੁੱਕਾ ਹੈ।


ਇਸੇ ਤਰ੍ਹਾਂ ਦੇ ਇਕ ਟਕਰਾ ਵਿਚ ੧੮ ਜੁਲਾਈ ੨੦੦੮ ਨੂੰ ਹਰਿਆਣਾ ਵਿਚ ਡੱਬਵਾਲੀ ਦੇ ਸਥਾਨ 'ਤੇ ਇਕ ਸਿੰਘ ਸ਼ਹੀਦ ਹੋ ਗਿਆ।


ਰਾਮ ਰਹੀਮ ਵਲੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਦੀ ਸੰਸਥਾ ਦੀ ਨਕਲ ਉਤਾਰਨ ਦੀ ਕਰਤੂਤ ਨੇ ਸਿੱਖ ਕੌਮ ਅੰਦਰ ਜੋ ਰੋਹ ਭਰਿਆ ਹੈ। ਉਸ ਨੇ ਇਕ ਵਾਰੀ ਫੇਰ ਦਿਖਾ ਦਿੱਤਾ ਹੈ ਕਿ ਸਿੱਖ ਇਕ ਜ਼ਿੰਦਾ ਕੌਮ ਹੈ, ਜਿਸ ਨੇ ਆਪਣੇ ਗੁਰੂ ਸਾਹਿਬਾਨ ਜਾਂ ਪਵਿੱਤਰ ਮੌਲਿਕ ਸੰਸਥਾਵਾਂ ਦਾ ਕਿਸੇ ਤਰਾਂ੍ਹ ਦਾ ਨਿਰਾਦਰ ਨਾ ਕਦੇ ਬਰਦਾਸ਼ਤ ਕੀਤਾ ਹੈ, ਅਤੇ ਨਾ ਕਰੇਗੀ। ਤਖਤਾਂ ਦੇ ਅਖੌਤੀ ਜਥੇਦਾਰਾਂ ਅਤੇ ਸਥਾਪਤ ਸਿੱਖ ਆਗੂਆਂ ਦੇ ਪਿੱਠ ਦੇ ਜਾਣ ਦੇ ਬਾਵਜੂਦ, ਸਿੱਖ ਮਰਜੀਵੜੇ ਫਿਰ ਜਾਨਾਂ ਤਲੀ 'ਤੇ ਧਰ ਕੇ ਨਿਕਲੇ, ਸਿੱਖ ਨੌਜੁਆਨੀ ਨੇ ਫੇਰ ਸ਼ਹਾਦਤ ਦਾ ਅੰਮ੍ਰਿਤ ਪੀਤਾ। ਅਗਿਆਨਤਾ ਅਤੇ ਅੰਧਵਿਸ਼ਵਾਸ ਦੇ ਹਨੇਰੇ 'ਚੋਂ ਨਫਰਤ ਦਾ ਨਸ਼ਾ ਕਰਕੇ ਨਿਕਲੇ ਅਖੌਤੀ ਪ੍ਰੇਮੀਆਂ ਦੀਆਂ ਬੰਦੂਕਾਂ, ਤਲਵਾਰਾਂ, ਡਾਂਗਾਂ ਅਤੇ ਹੋਰ ਹਥਿਆਰ ਸਿੱਖੀ ਰੋਹ ਅਗੇ ਨਿਗੂਣੇ ਹੋ ਕੇ ਰਹਿ ਗਏ ਹਨ। ਸਿੱਖਾਂ ਨੇ ਇਕ ਵਾਰੀ ਫੇਰ ਸਾਬਤ ਕਰ ਦਿੱਤਾ ਕਿ ਜ਼ੁਲਮ ਦੀਆਂ ਹਨੇਰੀਆਂ ਦੇ ਬੇਅੰਤ ਥਪੇੜੇ ਸਹਿ ਕੇ ਵੀ, ਉਂਝ ਹੀ ਨਵੇਂ ਨਿਰੋਏ ਸਿੱਖ ਜਜ਼ਬਾਤ, ਹਰ ਨਵੇਂ ਜ਼ੁਲਮ ਦਾ ਟਾਕਰਾ ਕਰਨ ਲਈ ਹਰ ਸਮੇਂ ਤਿਆਰ ਹਨ। ਇਥੇ ਵੀ ਸ਼ਾਹ ਮੁਹੰਮਦ ਦੀਆਂ ਇਹ ਪੰਕਤੀਆਂ ਬਹੁਤ ਹੀ ਢੁਕਵੀਆਂ ਲੱਗਦੀਆਂ ਨੇ: 'ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੇ।'


੨੪ ਸਤੰਬਰ ੨੦੧੫ ਨੂੰ ਇਸ ਟਕਰਾ ਵਿਚ ਇਕ ਨਵਾਂ ਅਧਿਆਇ ਜੁੜ ਗਿਆ ਜਦੋਂ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਅਤੇ ਉਸ ਦੇ ਸਾਥੀ ਪੁਤਲੀ ਜਥੇਦਾਰਾਂ ਵਲੋਂ ਗੁਰਮੀਤ ਰਾਮ ਰਹੀਮ ਨੂੰ ਮਾਫ ਕਰਨ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ। ਦਲੀਲ ਇਹ ਦਿੱਤੀ ਗਈ ਕਿ ਉਸ ਦਾ ਮੁਆਫੀ ਨਾਮਾ ਆ ਗਿਆ ਹੈ। ਉਸ ਦੇ ਮੁਆਫੀ ਨਾਮੇ ਦੇ ਨਾਂਅ 'ਤੇ ਜੋ ਚਿੱਠੀ ਜਾਰੀ ਕੀਤੀ ਗਈ ਉਸ ਵਿਚ ਇਕ ਸ਼ਬਦ ਵੀ ਮੁਆਫੀ ਦਾ ਨਹੀਂ ਸੀ ਅਤੇ ਰਾਮ ਰਹੀਮ ਆਪ ਵੀ ਕਿਸੇ ਮੁਆਫੀ ਮੰਗਣ ਤੋਂ ਮੁਨਕਰ ਹੋ ਗਿਆ। ਉਸ ਨੇ ਕਿਹਾ ਕਿ ਇਨ੍ਹਾਂ ਜਥੇਦਾਰਾਂ ਦੇ ਜਾਂ ਅਕਾਲੀ ਆਗੂਆਂ ਦੇ ਕੁਝ ਵਿਚੋਲੇ ਹੀ ਉਸ ਕੋਲ ਆਏ ਸਨ ਅਤੇ ਇਹ ਦਲੀਲ ਦੇ ਕੇ ਕਿ ਉਹ ਆਪਸੀ ਕੁੜਿਤਣ ਨੂੰ ਦੂਰ ਕਰਨਾ ਚਾਹੁੰਦੇ ਹਨ, ਇਕ ਚਿੱਠੀ ਦਸਖਤ ਕਰਵਾ ਕੇ ਲੈ ਗਏ ਸਨ। ਸਿੱਖ ਸੰਗਤਾਂ ਹੈਰਾਨ ਰਹਿ ਗਈਆਂ ਕਿ ਨਾ ਉਹ ਆਪ ਪੇਸ਼ ਹੋਇਆ ਅਤੇ ਨਾਹੀ ਉਸ ਦੀ ਚਿੱਠੀ ਵਿਚ ਕੋਈ ਮੁਆਫੀ ਦਾ ਸ਼ਬਦ ਹੈ ਫਿਰ ਜਥੇਦਾਰਾਂ ਵਲੋਂ ਇਹ ਡਰਾਮਾ ਕਿਉਂ ਰਚਿਆ ਗਿਆ? ਸਿੱਖ ਸੰਗਤਾਂ ਦਾ ਰੋਹ ਜਥੇਦਾਰਾਂ ਵਿਰੁਧ ਫੁੱਟ ਪਿਆ। ਉਨ੍ਹਾਂ ਇਸ ਅਖੌਤੀ ਹੁਕਮਨਾਮੇਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਹਾਲਾਤ ਇਹ ਬਣੇ ਕਿ ਜਥੇਦਾਰ ਘੁਰਨਿਆਂ ਵਿਚ ਲੁਕ ਗਏ। ਸਿੱਖ ਸੰਗਤਾਂ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਗਈਆਂ ਕਿ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ੨੦੧੭ 'ਚ ਪੰਜਾਬ ਦੀ ਆ ਰਹੀ ਚੋਣ ਕਾਰਨ ਸੱਚਾ ਸੌਦਾ ਡੇਰੇ ਦੇ ਪੈਰੋਕਾਰਾਂ ਦੀਆ ਵੋਟਾਂ ਲੈਣ ਵਾਸਤੇ ਹੀ ਕਰਾਇਆ ਹੈ।


ਇਸੇ ਦੌਰਾਨ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੁੱਖਦਾਈ ਕਾਂਡ ਵਾਪਰਨੇ ਸ਼ੁਰੂ ਹੋ ਗਏ। ਭਾਵੇਂ ਇਸ ਗੱਲ ਦਾ ਕੋਈ ਪੱਕਾ ਸਬੂਤ ਤਾਂ ਨਹੀਂ ਮਿਲਿਆ ਪਰ ਬਹੁਤੀਆਂ ਸੰਗਤਾਂ ਦਾ ਇਹ ਖਿਆਲ ਸੀ ਕਿ ਇਹ ਘੱਟੀਆ ਕਰਮ ਡੇਰੇ ਦੇ ਪ੍ਰੇਮੀਆਂ ਵਲੋਂ ਹੀ ਕੀਤੇ ਜਾ ਰਹੇ ਹਨ। ਸਿੱਖ ਸੰਗਤਾਂ ਦਾ ਰੋਹ ਸਿਖਰ 'ਤੇ ਪਹੁੰਚ ਗਿਆ ਅਤੇ ਉਹ ਖੁਲ੍ਹ ਕੇ ਸੜਕਾਂ 'ਤੇ ਆ ਗਈਆਂ। ਥਾਂ ਥਾਂ 'ਤੇ ਵੱਡੇ ਰੋਸ ਮਜ਼ਾਹਰੇ ਹੋਏ। ਇਕ ਤਾਂ ਜਥੇਦਾਰਾਂ ਦੇ ਘੱਟੀਆ ਕਿਰਦਾਰ ਕਾਰਨ ਅਕਾਲ ਤਖਤ ਸਾਹਿਬ ਦੇ ਸਨਮਾਨ ਅਤੇ ਮਰਿਯਾਦਾ ਨੂੰ ਲੱਗੀ ਢਾਅ ਤੋਂ ਸਿੱਖ ਦੁਖੀ ਸਨ, ਨਾਲ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਦਿੱਤਾ। ਉਤੋਂ ਜ਼ਿਲਾ ਫਰੀਦਕੋਟ ਵਿਚ ਬਰਗਾੜੀ ਦੇ ਸਥਾਨ 'ਤੇ ਜਿਥੇ ਪਾਵਨ ਸਰੂਪ ਦੀ ਬੇਅਦਬੀ ਹੋਈ ਸੀ, ੧੪ ਅਕਤੂਬਰ ੨੦੧੫ ਨੂੰ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਦੇ ਇਕੱਠ 'ਤੇ ਅਕਾਲੀਆਂ ਅਤੇ ਭਾਜਪਾ ਦੀ ਸਾਂਝੀ ਸਰਕਾਰ ਨੇ ਪੁਲੀਸ ਤੋਂ ਗੋਲੀ ਚਲਵਾ ਦਿੱਤੀ, ਜਿਸ ਵਿਚ ਦੋ ਸਿੰਘ ਸ਼ਹੀਦ ਹੋ ਗਏ ਅਤੇ ਕਈ ਜ਼ਖਮੀਂ ਹੋ ਗਏ। ਇਸ ਸਾਰੇ ਦੁਖਦਾਈ ਸਾਕੇ ਕਾਰਨ ਹਰ ਸਿੱਖ ਹਿਰਦਾ ਤੜਫ ਰਿਹਾ ਹੈ। ਇਹ ਜੋ ਅੱਗ ਸਿੱਖ ਹਿਰਦਿਆਂ ਵਿਚ ਭਬਕ ਰਹੀ ਹੈ, ਇਹ ਕਦੋਂ ਅਤੇ ਕਿਸ ਰੂਪ ਵਿਚ ਫੁਟੇਗੀ ਇਹ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੰਗਤਾਂ ਦੇ ਰੋਹ ਨੂੰ ਵੇਖਦੇ ਹੋਏ ਅਖੀਰ ੧੬ ਅਕਤੂਬਰ ਨੂੰ ਅਖੌਤੀ ਜਥੇਦਾਰਾਂ ਨੇ ਰਾਮ ਰਹੀਮ ਨੂੰ ਮਾਫ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ। ਉਨ੍ਹਾਂ ਅਤੇ ਉਨ੍ਹਾਂ ਦੇ ਸਿਆਸੀ ਆਕਾਵਾਂ ਨੇ ਸ਼ਾਇਦ ਇਹ ਸੋਚਿਆ ਹੋਵੇਗਾ ਕਿ ਇਸ ਨਾਲ ਸਿੱਖ ਸ਼ਾਂਤ ਹੋ ਜਾਣਗੇ ਤੇ ਉਨ੍ਹਾਂ ਦਾ ਕੌਮ ਵਿਚ ਮੁੜ ਉਹੀ ਰੁਤਬਾ ਬਹਾਲ ਹੋ ਜਾਵੇਗਾ ਪਰ ਸੰਗਤਾਂ ਦਾ ਇਸ 'ਤੇ ਕੋਈ ਵੀ ਪ੍ਰਭਾਵ ਨਹੀਂ ਪਿਆ ਕਿਉਂਕਿ ਸੰਗਤਾਂ ਨੇ ਤਾਂ ਪਹਿਲਾਂ ਹੀ ਇਸ ਫੈਸਲੇ ਨੂੰ ਕੋਈ ਮਾਨਤਾ ਨਹੀਂ ਸੀ ਦਿੱਤੀ।


ਇਸ ਸਾਰੇ ਡਰਾਮੇ ਨਾਲ ਸਿੱਖਾਂ ਅਤੇ ਡੇਰਾ ਸੱਚਾ ਸੌਦਾ ਦੇ ਸਬੰਧਾਂ ਵਿਚ ਤਾਂ ਕੋਈ ਸੁਧਾਰ ਨਹੀਂ ਆਇਆ, ਸਗੋਂ ਕੁਝ ਕੁੜਿਤਣ ਵਧੀ ਹੀ ਹੈ ਪਰ ਸਿੱਖ ਕੌਮ ਨੂੰ ਜਥੇਦਾਰਾਂ ਦੀ ਅਸਲੀ ਔਕਾਤ ਦਾ ਪਤਾ ਲੱਗ ਗਿਆ ਹੈ ਕਿ ਇਹ ਕੇਵਲ ਆਪਣੇ ਸਿਆਸੀ ਮਾਲਕਾਂ ਦੇ ਹੱਥਾਂ ਦੀ ਮਮੂਲੀ ਜਿਹੀ ਕੱਠਪੁਤਲੀ ਹਨ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ, ਉਨ੍ਹਾਂ ਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੋਮ ਦੇ ਹਿਤਾਂ ਅਤੇ ਅਣਖ ਦੀ ਬਲੀ ਦੇਣ ਦੇ ਨਾਲ ਨਾਲ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ, ਮਰਿਯਾਦਾ ਅਤੇ ਸਤਿਕਾਰ ਨੂੰ ਵੀ ਬਰਬਾਦ ਕਰ ਸਕਦੇ ਹਨ। ਨਾਲ ਹੀ ਅਕਾਲੀ ਆਗੂਆਂ ਦੀ ਸਚਾਈ ਵੀ ਜਗ ਜ਼ਾਹਿਰ ਹੋ ਗਈ ਹੈ ਕਿ ਉਨ੍ਹਾਂ ਨੂੰ ਕੇਵਲ ਵੋਟਾਂ ਅਤੇ ਕੁਰਸੀਆਂ ਨਾਲ ਹੀ ਮਤਲਬ ਹੈ, ਭਾਵੇਂ ਸਾਰੇ ਸਿੱਖ ਸਿਧਾਂਤ ਮਿੱਟੀ ਵਿਚ ਰੁਲ ਜਾਣ ਅਤੇ ਸਾਰੀ ਸਿੱਖ ਕੌਮ ਬਰਬਾਦ ਹੋ ਜਾਵੇ।


੨੦੧੭ ਦੀਆਂ ਚੋਣਾਂ ਵੇਲੇ ਭਾਵੇਂ ਬਾਦਲ ਜਾਂ ਉਸ ਦਾ ਪੁੱਤਰ ਸੁਖਬੀਰ ਤਾਂ ਇਸ ਦੇ ਡੇਰੇ 'ਤੇ ਨਹੀਂ ਗਏ ਪਰ ਬਹੁਤ ਸਾਰੇ ਉੱਘੇ ਅਕਾਲੀ ਆਗੂ ਪਖੰਡੀ ਰਾਮ ਰਹੀਮ ਕੋਲ ਮੁੜ ਵੋਟਾਂ ਮੰਗਣ ਗਏ ਅਤੇ ਡੇਰੇ ਨੇ ਅਕਾਲੀਆਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਇਸ ਨਾਲ ਸਿੱਖਾਂ ਅੰਦਰ ਅਕਾਲੀਆਂ ਪ੍ਰਤੀ ਹੋਰ ਰੋਸ ਜਾਗ ਪਿਆ। ੨੦੧੨ ਵਿਚ ਕਾਂਗਰਸੀਆਂ ਦੀ ਤਰ੍ਹਾਂ ਇਸ ਵਾਰ ਅਕਾਲੀਆਂ ਨੂੰ ਵੀ ਇਹ ਫੈਸਲਾ ਪੁੱਠਾ ਪਿਆ ਅਤੇ ਉਹ ਬੁਰੀ ਤਰ੍ਹਾਂ ਚੋਣਾਂ ਹਾਰ ਗਏ। ਹੁਣ ਸਿੱਖ ਕੌਮ ਵਿਚ ਆਪਣੀ ਗੁਆਚੀ ਸਾਖ ਬਹਾਲ ਕਰਾਉਣ ਲਈ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਵਲੋਂ ਡੇਰਾ ਸੱਚਾ ਸੌਦਾ 'ਤੇ ਵੋਟਾਂ ਮੰਗਣ ਜਾਣ ਵਾਲੇ ਅਕਾਲੀ ਆਗੂਆਂ ਖਿਲਾਫ ਕਾਰਵਾਈ ਕਰਨ ਦਾ ਡਰਾਮਾ ਰੱਚਿਆ ਜਾ ਰਿਹਾ ਹੈ।

ਇਸ ਕਿਤਾਬ ਦੇ ਛਪਦੇ ਛਪਦੇ ਪਖੰਡੀ ਗੁਰਮੀਤ ਰਾਮ ਰਹੀਮ ਉਪਰ ਚੱਲ ਰਹੇ ਸਾਧਵੀਆਂ ਦੇ ਬਲਾਤਕਾਰ ਕੇਸ ਦਾ ਫੈਸਲਾ ਆ ਗਿਆ ਹੈ। ੨੫ ਅਗਸਤ ੨੦੧੭ ਨੂੰ ਹਰਿਆਣਾ ਦੇ ਪੰਚਕੂਲਾ ਸ਼ਹਿਰ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਮਾਨਯੋਗ ਜੱਜ ਜਗਦੀਪ ਸਿੰਘ ਨੇ (ਹ)ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦਾ ਦੋਸ਼ੀ ਐਲਾਨਿਆਂ। ਇਸ ਫੈਸਲੇ ਦੇ ਆਉਂਦੇ ਹੀ ਹਜ਼ਾਰਾਂ ਦੀ ਗਿਣਤੀ ਵਿਚ ਅਦਾਲਤ ਦੇ ਬਾਹਰ ਅਤੇ ਸ਼ਹਿਰ ਵਿਚ ਇਕੱਤਰ ਹੋਏ ਉਸ ਦੇ ਪ੍ਰੇਮੀਆਂ(ਸ਼ਰਧਾਲੂਆਂ) ਨੇ ਗੁੰਡਾ ਗਰਦੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਥੇ ਖਬਰਾਂ ਬਣਾ ਅਤੇ ਸੁਣਾ ਰਹੇ ਪੱਤਰਕਾਰਾਂ ਨੂੰ ਵੀ ਮਾਰਿਆ ਕੁੱਟਿਆ ਗਿਆ। ਸ਼ਹਿਰ ਵਿੱਚ ਸੌ ਤੋਂ ਉੱਤੇ ਲੋਕਾਂ ਦੀਆਂ ਕਾਰਾਂ, ਮੀਡੀਆ ਦੀਆਂ ਖਬਰਾਂ ਪ੍ਰਸਾਰਨ ਕਰਨ ਵਾਲੀਆਂ ਕਈ ਗੱਡੀਆਂ. ਅਤੇ ਸਰਕਾਰੀ ਜਾਇਦਾਦ ਨੂੰ ਫੂਕ ਦਿੱਤਾ ਗਿਆ ਜਾਂ ਭਾਰੀ ਨੁਕਸਾਨ ਪਹੁੰਚਾਇਆ ਗਿਆ। ਥੋੜ੍ਹੀ ਦੇਰ ਵਿੱਚ ਹੀ ਇਹ ਉਤਪਾਤ ਪੰਜਾਬ, ਹਰਿਆਣਾ, ਦਿੱਲੀ ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੱਕ ਪਹੁੰਚ ਗਿਆ। ਇਸ ਤੇ ਕਾਬੂ ਪਾਉਣ ਲਈ ਸਰਕਾਰ ਨੂੰ ਫੌਜ ਬੁਲਾਉਣੀ ਪਈ।


ਫੜੇ ਗਏ ਪ੍ਰੇਮੀਆਂ ਕੋਲੋਂ ਇਕ ਮਸ਼ੀਨਗੰਨ, ਜਿਸ ਨੂੰ ਰਖਣ ਦਾ ਅਧਿਕਾਰ ਕੇਵਲ ਫੌਜ ਨੂੰ ਹੈ, ਸਮੇਤ ਕਈ ਮਾਰੂ ਹਥਿਆਰ ਫੜੇ ਗਏ। ਸੰਸਾਰ ਨੇ ਖੁਲ੍ਹ ਕੇ ਦੇਖਿਆ ਕਿ ਇਨ੍ਹਾਂ ਅਖੋਤੀ ਮਹਾਪੁਰਖਾਂ ਵੱਲੋਂ ਆਪਣੇ ਪੈਰੋਕਾਰਾਂ ਨੂੰ ਕਿਹੋ ਜਿਹਾ ਪਿਆਰ ਅਤੇ ਸ਼ਾਂਤੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ ਅਤੇ ਇਹ ਆਪਣੇ ਨਿੱਜੀ ਕੁਕਰਮਾਂ ਨੂੰ ਲੁਕਾਉਣ ਵਾਸਤੇ ਆਪਣੇ ਭੋਲੇ-ਭਾਲੇ ਪਰ ਭਾਵੁਕ ਪੈਰੋਕਾਰਾਂ ਦਾ ਕਿਵੇਂ ਇਸਤੇਮਾਲ ਅਤੇ ਸੋਸ਼ਣ ਕਰਦੇ ਹਨ। ਰਾਮ ਰਹੀਮ ਬਣ ਬੈਠੇ ਇਸ ਪਖੰਡੀ ਸਾਧ ਨੂੰ ਰੋਹਤਕ ਦੀ ਜੇਲ਼੍ਹ ਵਿਚ ਭੇਜ ਦਿੱਤਾ ਗਿਆ। ੨੮ ਅਗੱਸਤ ਨੂੰ ਇਸੇ ਜੇਲ਼੍ਹ ਵਿਚ ਲਾਈ ਗਈ ਅਦਾਲਤ ਵਿਚ ਮਾਨਯੋਗ ਜੱਜ ਜਗਦੀਪ ਸਿੰਘ ਨੇ ਇਸ ਨੂੰ ਵੀਹ ਸਾਲ ਦੀ ਕਰੜੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਤੀਹ ਲੱਖ ਰੁਪਏ ਦਾ ਜੁਰਮਾਨਾਂ ਕੀਤਾ। ਇਸ ਵਿੱਚੋਂ ਚੌਦ੍ਹਾਂ ਚੌਦ੍ਹਾਂ ਲੱਖ ਪੀੜਤ ਬੱਚੀਆਂ ਨੂੰ ਮਿਲੇਗਾ। ਆਪਣੇ ਅੰਧ ਭਗਤਾਂ ਸਾਮ੍ਹਣੇ ਆਪਣੇ ਆਪ ਨੂੰ ਰੱਬ ਬਣਾ ਕੇ ਪੇਸ਼ ਕਰਨ ਵਾਲਾ ਇਹ ਪਖੰਡੀ ਸਾਧ ਹੱਥ ਬੰਨ੍ਹ ਕੇ ਖੜਾ ਰੋਂਦਾ ਅਤੇ ਦਇਆ ਦੀ ਭੀਖ ਮੰਗਦਾ ਰਿਹਾ।
ਇਸ ਖਿਲਾਫ ਚੱਲ ਰਹੇ, ਦੋ ਕੱਤਲ ਦੇ ਅਤੇ ਆਪਣੇ ਸੈਂਕੜੇ ਪੈਰੋਕਾਰਾਂ ਨੂੰ ਨਪੁੰਸਕ ਬਨਾਉਣ ਦੇ ਕੇਸ ਅਜੇ ਅਦਾਲਤ ਵਿਚ ਬਾਕੀ ਹਨ।

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਛਪਾਈ ਵਿਚ ਹੈ ਜੀ)

ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)Back    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।