Singh Sabha-U.S.A.
Articles

ਅਕਾਲ ਤਖਤ ਨਾਮ ਕਿਵੇਂ ਅਤੇ ਅਕਾਲ ਤਖਤ ਕੀ ਹੈ ?
Aug 31,2017
(ਪ੍ਰੋ. ਦਰਸ਼ਨ ਸਿੰਘ ਖਾਲਸਾ)

 

ਅੱਜ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਕੇ ਇਕ ਦੇਹਧਾਰੀ ਮਨੁਖਾਂ ਦਾ ਗੁਲਾਮ ਮਨੁਖ ਅਕਾਲ ਤਖਤ ਪ੍ਰਚਾਰਿਆ ਜਾ ਰਿਹਾ ਹੈ, ਨਤੀਜਾ ਇਹ ਹੈ ਕੇ ਮਨੁਖ ਦੇ ਗ਼ੁਲਾਮ ਜੀਵਨ ਦਾ ਪ੍ਰਤੀਕ ਬਣ ਕੇ ਅਕਾਲ ਤਖਤ ਦੇ ਪਵਿਤਰ ਨਾਮ ਦੀ ਵਡਿਆਈ ਅਤੇ ਅਦਬ ਕਲੰਕਤ ਹੋ ਰਿਹਾ ਹੈ ।ਅਤੇ ਅਕਾਲ ਤਖਤ ਦੇ ਨਾਮ ਤੇ ਜਿਥੇ ਸਿਖੀ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਓਥੇ ਇਸ ਨਾਮ ਦੀ ਸਿਆਸੀ ਵਰਤੋਂ ਹੋ ਰਹੀ ਹੈ।

ਗੁਰਬਾਣੀ ਅਨਸਾਰ ਅਕਾਲ ਤਖਤ ਕੀ ਹੈ ਅਤੇ ਕਿਸਤਰਾਂ ਜੁਗੋ ਜੁਗ ਅਟੱਲ ਚੱਲ ਰਿਹਾ ਹੈ ਹਰ ਗੁਰ ਸਿਖ ਦਾ ਉਸ ਅਕਾਲ ਤਖਤ ਅੱਗੇ ਹਮੇਸ਼ਾਂ ਸਿਰ ਝੁਕਦਾ ਹੈ। ਪਰ ਹਰ ਗੁਰਸਿਖ ਦਾ ਗੁਰਬਾਣੀ ਦੀ ਅਗਵਾਈ ਵਿਚ ਅਕਾਲ ਤਖਤ ਸਮਝਣਾ ਅਤੇ ਪਛਾਨਣਾ ਜਰੂਰੀ ਹੈ।

ਤਖਤ ਉਸਦਾ ਮੰਨਿਆਂ ਜਾਂਦਾ ਹੈ ਜਿਸਦਾ ਹੁਕਮ ਚਲਦਾ ਹੋਵੇ। ਕਿਉਂਕੇ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ,

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥ ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥

ਇਸ ਲਈ ਪੂਰਾ ਬ੍ਰਹਮੰਡ ਅਕਾਲ ਦਾ ਰਾਜ ਹੈ, ਤਖਤ ਅਕਾਲ ਪੁਰਖ ਤੋ ਅਰੰਭ ਹੋਇਆ ਹੈ ਅਤੇ ਅਕਾਲ ਪੁਰਖ  ਦੇ ਸਿਧਾਂਤ {ਸਵਿਧਾਨ}ਹੁਕਮ ਅਨਸਾਰ ਹੀ ਚੱਲਦਾ ਹੈ ।ਗੁਰਬਾਣੀ ਅਨਸਾਰ ਅਕਾਲ ਪੁਰਖ ਦਾ ਤਖਤ ਰਾਜ ਜੋਗ ,ਮੀਰੀ ਪੀਰੀ ਦਾ ਤਖਤ ਹੈ।ਜਿਸਦਾ ਹੁਕਮ ਨਾਮਾ {ਸਵਿਧਾਨ} ਧੁਰ ਕੀ ਬਾਣੀ ਹੈ ਇਸ ਲਈ { ਵਾਹੁ ਵਾਹੁ ਬਾਣੀ ਨਿਰੰਕਾਰ ਹੈ} ਦੇ ਹੁਕਮ ਨਾਮੇ ਅੱਗੇ ਹਰ ਸਿਖ ਦਾ ਸੀਸ ਝੁਕਦਾ ਹੈ।

ਰਾਜੁ ਤੇਰਾ ਕਬਹੁ ਨ ਜਾਵੈ ॥ ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥

ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥ ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥

ਗੁਰਬਾਣੀ ਅਨਸਾਰ ਇਹ ਹੈ ਜੋਤ ਰੂਪ ਅਕਾਲ ਪੁਰਖ ਦਾ ਤਖਤ ।ਹੁਣ ਜੋਤ ਰੂਪ ਅਕਾਲ ਪੁਰਖ ਨੇ ਸਿਧਾਂਤ ਰੂਪ ਰਾਜ ਜੋਗ {ਮੀਰੀ ਪੀਰੀ} ਦੇ ਅਕਾਲ ਤਖਤ ਦਾ ਵਾਰਸ ਜੋਤ ਰੂਪ  ਹੋ ਕੇ ਗੁਰੁ ਨਾਨਕ ਕਹਾਇਆ ।

ਜੋਤਿ ਰੂਪਿ ਹਰਿ ਆਪਿ ਗੁਰੁ ਨਾਨਕੁ ਕਹਾਯਉ॥

ਗੁਰੁ ਨਾਨਕ ਜੀ ਨੇ ਉਸ ਰਾਜ ਜੋਗ{ਮੀਰੀ ਪੀਰੀ} ਦੇ ਅਕਾਲ ਤਖਤ ਨੂੰ ਮਾਣਿਆਂ

ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥ ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥ ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥ ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥ ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥ ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥

ਗੁਰੁ ਨਾਨਕ ਜੀ ਨੇ ਸਪਸ਼ਟ ਬਚਨ ਕਰ ਦਿਤਾ ਕੇ ਇਹ ਤਖਤ ਅਕਾਲ ਦਾ ਹੈ ਅਤੇ ਗੁਰਬਾਣੀ ਦੇ ਰੂਪ ਵਿਚ ਹੁਕਮ ਨਾਮਾ ਭੀ ਉਹੋ ਜਾਰੀ ਕਰਦਾ ਹੈ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

ਇਹ ਰਾਜ ਜੋਗ ਮੀਰੀ ਪੀਰੀ ਦਾ ਤਖਤ ਅੱਗੇ ਚੱਲਦਾ ਗਿਆ।

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥ ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ ॥ ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥ ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ ॥੧॥

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥

ਉਹ ਤਖਤ ਗੁਰੁ ਰਾਮ ਦਾਸ ਜੀ ਕੋਲ ਆਇਆ

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ´ ਜਨ ਕੀਅਉ ਪ੍ਰਗਾਸ ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ ਸਭ ਬਿਧਿ ਮਾਨਿ´ਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥

ਹੁਣ ਉਸ  ਤਖਤ ਤੇ ਗੁਰੁ ਅਰਜਨ ਸਾਹਿਬ ਬੈਠੇ

ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥

ਤਖਤਿ ਬੈਠਾ ਅਰਜਨ ਗੁਰੁ ਸਤਿਗੁਰ ਕਾ ਖਿਵੈ ਚੰਦੋਆ॥

ਗੁਰੁ ਅਰਜਨ ਸਾਹਿਬ ਜੀ ਨੇ ਭੀ ਬਚਨ ਕੀਤਾ

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ

ਹੁਣ ਭਾਈ ਗੁਰਦਾਸ ਜੀ ਅਨਸਾਰ

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰੁ ਭਾਰੀ

ਅਰਜਨ ਕਾਇਆਂ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ

ਇਓਂ ਗੁਰੁ ਅਰਜਨ ਜੀ ਤੋਂ ਮੂਰਤ ਕਾਇਆਂ ਪਲਟ ਕੇ ਛਟਮ ਪੀਰ ਗੁਰੁ ਹਰਗੋਬਿੰਦ ਜੀ ਦੇ ਨਾਮ ਹੇਠ ਉਸ ਤਖਤ ਦੇ ਸਿਧਾਂਤ ਜੋਤ ਓਹਾ ਜੁਗਤ ਸਾਏ ਦੇ ਵਾਰਸ ਬਣੇ ਕਿਉਂਕੇ ਇਹ ਤਖਤ ਅਕਾਲ ਪੁਰਖ ਤੋ ਚਲ ਰਿਹਾ ਸੀ ਜੋ ਗੁਰੁ ਜਾਮਿਆਂ ਦੇ ਰਾਹੀ ਚਲਦਾ ਰਿਹਾ ਅਤੇ ਚਲਦਾ ਆਇਆ ਇਸੇ ਲਈ ਇਸ ਅਕਾਲ ਸਿਧਾਂਤ ਅਕਾਲ ਹੁਕਮ ਰੂਪ ਤਖਤ ਦਾ ਨਾਮ ਅਕਾਲ ਤਖਤ ਪ੍ਰਚੱਲਤ ਹੋਇਆ ਸਿਖ ਨੂੰ ਦ੍ਰਿੜਤਾ ਨਾਲ ਸਮਝ ਲੈਣਾ ਚਾਹੀਦਾ ਹੈ।

ਕਿਉਂਕੇ ਇਹ ਧੁਰ ਕੀ ਬਾਣੀ ਅਕਾਲ ਹੁਕਮ ਹੈ ਇਸ ਲਈ ਗੁਰਬਾਣੀ ਸਿਧਾਂਤ ਹੀ ਅਕਾਲ ਤਖਤ ਦਾ ਪਰਤੀਕ ਹੈ।ਅਤੇ ਅੱਜ ਪਰਗਟ ਗੁਰਾਂ ਕੀ ਦੇਹ ਸ੍ਰੀ ਗੁਰੁ ਗ੍ਰੰਥ ਸਾਹਿਬ ਹੀ ਅਕਾਲ ਤਖਤ ਦਾ ਵਾਰਸ ਹੈ। ਹੋਰ ਕੋਈ ਇਮਾਰਤ ਜੋ ਉਸਾਰੀ ਜਾਂ ਢਾਹੀ ਜਾਂ ਸਕਦੀ ਹੈ, ਕੋਈ ਮਨੁਖ ਜੋ ਜਨਮ ਲੈਂਦਾ ਤੇ ਕਾਲ ਵਾਸ ਹੋ {ਮਰ} ਜਾਂਦਾ ਹੈ, ਅਕਾਲ ਜਾਂ ਅਕਾਲ ਤਖਤ ਨਹੀਂ ਹੋ ਸਕਦਾ।

ਪਰ ਅੱਜ ਸਿਖ ਕੌਮ ਨਾਲ ਧੋਖਾ ਹੋ ਰਿਹਾ ਹੈ ਜੋ ਅਪਣੇ ਗੁਲਾਮ ਦੇਹ ਧਾਰੀਆਂ ਨੂੰ ਸ੍ਰੀ ਅਕਾਲ ਤਖਤ ਆਖ ਕੇ ਗੁਰੁ ਦੇ ਅਕਾਲ ਪੁਰਖ ਦੇ ਬਰਾਬਰ ਖੜਾ ਕੀਤਾ ਜਾ ਰਿਹਾ ਹੈ ਜੋ ਅਕਾਲ ਪੁਰਖ ਵਲੋਂ ਧੁਰ ਕੀ ਬਾਣੀ ਦੀ ਥਾਵੇਂ ਅਪਣੇ ਸਿਆਸੀ ਹੁਕਮ ਨਾਮੇ ਜਾਰੀ ਕਰਕੇ ਸਿਖੀ ਨੂੰ ਅਕਾਲ ਪੁਰਖ ਦੇ ਤਖਤ ਰੂਪ ਗੁਰਬਾਣੀ ਤੋਂ ਤੋੜ ਰਹੇ ਹਨ ਅੱਜ ਕੌਮ ਨੂੰ ਜਾਗਰਤੀ ਦੀ ਲੋੜ ਹੈ।


ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ


-ਦਰਸ਼ਨ ਸਿੰਘ ਖਾਲਸਾBack    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।