Singh Sabha-U.S.A.
Articles

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ
Aug 23,2017
(ਗੁਰਦੇਵ ਸਿੰਘ ਸੱਧੇਵਾਲੀਆ)

 

ਮੱਖੀ ਤੇ ਭੌਰੇ ਵਿਚ ਕੀ ਫਰਕ ਹੈ। ਮੱਖੀ ਦਾ ਮਨ ਨਹੀ ਟਿਕਦਾ। ਮੱਖੀ ਮਿੰਟ ਨਹੀ ਕਿਤੇ ਟਿਕ ਕੇ ਬੈਠ ਸਕਦੀ ਤੇ ਬੈਠਣ ਲਗੀ ਚੰਗਾ ਮਾੜਾ ਥਾਂ ਵੀ ਨਹੀ ਵਿੰਹਦੀ। ਮਠਿਆਈ ਤੇ ਵੀ ਬੈਠ ਜਾਂਦੀ ਤੇ ਗੰਦ ਤੇ ਵੀ! ਪਰ ਭੌਰਾ ਇੰਝ ਨਹੀ ਕਰਦਾ। ਉਹ ਫੁੱਲ ਤੇ ਬੈਠਦਾ ਕੇਵਲ ਫੁੱਲ ਤੇ ਅਤੇ ਬੈਠਾ ਹੀ ਰਹਿੰਦਾ। ਮੁਘਦ ਹੋ ਜਾਂਦਾ ਇਨਾ ਮੁਘਦ ਕਿ ਜਾਨ ਤੱਕ ਦੇ ਜਾਂਦਾ। ਕਵੀਆਂ ਲੋਕਾਂ ਭੌਰੇ ਨੂੰ ਬਹੁਤ ਯਾਦ ਕੀਤਾ ਅਪਣੀਆਂ ਕਵਿਤਾਵਾਂ ਵਿਚ। ਭੌਰੇ ਦੇ ਜ਼ਿਕਰ ਨਾਲ ਕਿਤਾਬਾਂ ਭਰੀਆਂ ਪਈਆਂ। ਆਸ਼ਕੀ ਦੀ ਗੱਲ ਕਰਨੀ ਹੋਵੇ ਤਾਂ ਭੌਰੇ ਦਾ ਜ਼ਿਕਰ ਜਰੂਰ ਆਉਂਦਾ। ਕਿਉਂ? ਉਸ ਦੇ ਇਸ਼ਕ ਕਰਕੇ। ਉਸ ਦੀ ਯਾਰੀ ਕਰਕੇ। ਉਹ ਫੁੱਲ ਨਾਲ ਯਾਰੀ ਪਾਉਂਦਾ ਤੇ ਜਾਨ ਤੱਕ ਦੇ ਦਿੰਦਾ। ਉਹ ਭਟਕਦਾ ਨਹੀ ਕਿ ਕਦੇ ਕਿਸੇ ਸਾਧ ਦੇ ਡੇਰੇ, ਕਦੇ ਕਿਸੇ ਗਰੰਥ ਅਗੇ ਮੱਥਾ! ਕਦੇ ਕਿਸੇ ਕਬਰ ਜਾ ਡਿੱਗਾ। ਸ੍ਰੀ ਗੁਰੂ ਗਰੰਥ ਸਾਹਿਬ ਨੂੰ ਵੀ ਮੰਨੀ ਜਾਣਾ ਤੇ 'ਸ੍ਰੀ ਦਸਮ ਗਰੰਥ' ਖੜਾ ਕਰਕੇ ਉਸ ਅਗੇ ਵੀ ਆਰਤੀਆਂ ਕਰੀ ਜਾਣੀਆਂ! ਸਰਬ ਲੋਹ ਆ ਗਿਆ ਇਸ ਨੂੰ ਵੀ ਨਮਸ਼ਕਾਰ! ਕਾਲ ਨੂੰ ਰੱਬ ਮੰਨੀ ਜਾਂਦਾ ਅਕਾਲ ਨੂੰ ਵੀ। ਦੋਵੇ ਆਪਾ ਵਿਰੋਧੀ? ਕੋਈ ਮੇਲ ਨਹੀ! ਕਾਲ ਤੇ ਅਕਾਲ ਦਾ ਕਾਹਦਾ ਮੇਲ? ਕਾਲ, ਅਕਾਲ ਦਾ ਵਿਰੋਧੀ ਹੈ ਤੇ ਅਕਾਲ, ਕਾਲ ਦਾ! ਦੋਵੇਂ ਈਸਟ-ਵੈਸਟ। ਵਿਚੇ ਮਹਾਂਕਾਲ ਵੀ ਦੱਬੀ ਫਿਰਦਾ ਤੇ ਵਿਚੇ ਜਗਮਾਤਾ? ਚੰਡੀ ਨਾਲ ਵੀ ਮੁਹੱਬਤਾਂ ਤੇ ਇੰਦਰ ਦੀ ਵੀ ਆਰਤੀ, ਬਿਸ਼ਨੂੰ ਦੀ ਭਗਤੀ ਦੇ ਫਲ ਵੀ ਤੇ ਰਾਮ ਦੀ ਕਥਾ ਵੀ ਜੁਗ ਜੁਗ ਅਟੱਲ! ਵਿਚੇ ਰਾਖਸ਼ ਕਿਸੇ ਦਾ ਸਿਰ ਵੱਡਣ ਤੁਰ ਪੈਂਦਾ ਤੇ ਨਾਲ ਹੀ ਭਗਉਤੀ ਧਿਆਈ ਜਾਂਦਾ। ਮੇਰੇ ਅਪਣੇ ਅਰਥ ਦੇਣ ਨਾਲ ਕਾਲ ਨੇ ਅਕਾਲ ਨਹੀ ਬਣ ਜਾਣਾ ਨਾ ਮਹਾਂਕਾਲ ਨੇ ਬਦਲਣਾ ਤੇ ਜਗਮਾਤਾ ਨੇ ਅਪਣੀ ਥਾਵੋਂ ਹਿੱਲਣਾ।


ਭਟਕਨਾ ਇਥੇ ਤੱਕ ਵਧ ਗਈ ਕਿ ਕ੍ਰਿਪਾਨਾ ਡੰਡਿਆਂ ਨੂੰ ਵੀ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ! ਘੰਟੇ ਖੜਕਾ ਖੜਕਾ, ਅਗਰਬੱਤੀਆਂ ਜਗਾ ਜਗਾ ਉਨ੍ਹਾਂ ਦੀ ਪੂਜਾ ਸ਼ੁਰੂ ਕਰ ਦਿੱਤੀ! ਅਖੇ ਇਹ ਹਮਾਰੇ ਪੀਰ ਹੈਂ? ਹਥਿਆਰ ਨੂੰ ਮੈਂ ਚਲਾਉਂਦਾ ਨਾ ਕਿ ਹਥਿਆਰ ਮੈਨੂੰ ਚਲਾਉਂਦਾ। ਹਥਿਆਰ ਕਦੇ ਅਪਣੇ ਆਪ ਚਲਿਆ? ਜਿਹੜਾ ਅਪਣੇ ਆਪ ਚਲ ਹੀ ਨਹੀ ਸਕਦਾ ਉਹ ਪੀਰ ਕਿਵੇਂ ਹੋ ਗਿਆ? ਸੂਰਮਾ ਹਥਿਆਰ ਦਾ ਪੀਰ ਹੁੰਦਾ ਨਾ ਕਿ ਹਥਿਆਰ ਸੂਰਮੇ ਦਾ। ਹਥਿਆਰ ਦੀ ਘੱਟ ਜਾਂ ਵੱਧ ਅਹਿਮੀਅਤ ਚਲਾਉਂਣ ਵਾਲੇ ਕਰਕੇ ਹੈ। ਹਥਿਆਰ ਪੰਜਾਬ ਕੋਲੇ ਗੁਰੂ ਸਹਿਬਾਨਾ ਤੋਂ ਪਹਿਲਾਂ ਵੀ ਸਨ ਪਰ ਚਲੇ ਕਦ? ਕ੍ਰਿਪਾਨ ਤਾਂ ਧੁੰਮਾ ਵੀ ਉਹੀ ਪਾਈ ਫਿਰਦਾ ਜਿਹੜੀ ਬਾਬਾ ਜਰਨੈਲ ਸਿੰਘ ਕੋਲੇ ਸੀ। ਧੁੰਮਾ ਵੀ ਬਦੂੰਕਾਂ ਵਾਲੇ ਲਈ ਫਿਰਦਾ ਪਰ ਫਰਕ ਕੀ ਹੈ? ਬਦੂੰਕ ਵੀ ਉਹੀ ਗੋਲੀ ਵੀ। ਹਥਿਆਰ ਉਹੀ ਹੁੰਦਾ ਗੀਦੀ ਹੱਥ ਆ ਗਿਆ ਤਾਂ 'ਪੀਰ' ਨੂੰ ਸੁੱਟ ਕੇ ਭੱਜ ਜਾਂਦਾ। ਇਹੀ ਹਥਿਆਰ ਔਰੰਗੇ ਦੇ, ਹਿਟਲਰ ਦੇ, ਇੰਦਰਾ ਦੇ ਹੱਥ ਆ ਗਿਆ ਤਾਂ ਕੀ ਹੋਇਆ? ਤਾਂ ਦੱਸੋ ਪੀਰ ਕੌਣ ਹੋਇਆ?


ਚਿਰ ਦੀ ਵੈਨੋਕੋਵਰ ਦੀ ਗੱਲ ਹੈ ਮੇਰਾ ਇਕ ਮਿੱਤਰ ਮੇਰੇ ਨਾਲ ਜਿਦ ਪਿਆ ਕਿ ਸ਼ਾਸਤਰ ਸੂਰਮੇ ਦੀ ਸ਼ਾਨ ਹੁੰਦੇ ਨੇ।ਸ਼ਾਸਤਰ ਤੋਂ ਬਿਨਾ ਲੜਿਆ ਜਾ ਹੀ ਨਹੀ ਸਕਦਾ ਭਵੇਂ ਕਿੱਡਾ ਵੱਡਾ ਸੂਰਮਾ ਕਿਉਂ ਨਾ ਹੋਵੇ। ਫਿਰ ਸ਼ਾਸਤਰ ਦੀ ਪੂਜਾ ਗਲਤ ਕਿਵੇਂ ਹੋਈ?


ਹਥਿਆਰ ਬੰਦੇ ਲਈ ਹੈ ਨਾ ਕਿ ਬੰਦਾ ਹਥਿਆਰ ਲਈ। ਬੰਦਾ ਹੈ ਤਾਂ ਹਥਿਆਰ ਹੈ ਨਹੀ ਤਾਂ ਨਹੀ। ਇੰਝ ਤਾਂ ਜੰਗਾਂ ਜੁਧਾਂ ਵਿਚ ਘੋੜੇ, ਹਾਥੀ, ਊਠ, ਖੱਚਰਾਂ ਤੱਕ ਕੰਮ ਆਉਂਦੀਆਂ ਸਨ ਪਰ ਕੀ ਉਨ੍ਹਾਂ ਦੀ ਹੁਣ ਪੂਜਾ ਕਰਨ ਲਗ ਜਾਣੀ ਚਾਹੀਦੀ? ਲੜਾਈ ਉਨ੍ਹਾਂ ਤੋਂ ਬਿਨਾ ਵੀ ਨਹੀ ਸੀ ਹੋ ਸਕਦੀ। ਸਾਧਨ ਨੂੰ ਹੀ ਰੱਬ ਜਾਂ ਪੀਰ ਮੰਨ ਕੇ ਬੈਠ ਜਾਣਾ? ਕ੍ਰਿਪਾਨ ਸਦਾ ਬਹਾਰ ਸ਼ਾਸਤਰ ਗੁਰੂ ਨੇ ਮੈਨੂੰ ਬਖਸ਼ਿਆ ਹੈ ਇਕ ਸਾਧਨ ਵਜੋਂ ਕਿ ਤੂੰ ਅਪਣੀ ਰਖਿਆ ਖੁਦ ਕਰ ਸਕੇਂ ਪਰ ਮੱਥੇ ਟੇਕਣ ਲਈ ਜਾਂ ਪੂਜਾ ਕਰਨ ਲਈ ਨਹੀ ਕਿ ਪੀਰ ਬਣਾ ਕੇ ਟੱਲੀਆਂ ਖੜਕਾਈ ਜਾਹ!!


ਮੱਖੀ ਬੈਠਣ ਲੱਗੀ ਸੋਚਦੀ ਥੋੜੋਂ। ਇਹੀ ਫਰਕ ਹੈ ਭੌਰੇ ਤੇ ਮੱਖੀ ਵਿਚ। ਇਹ ਕਾਹਦੀ ਆਸ਼ਕੀ ਹੋਈ ਕਿ ਇਕ ਯਾਰ ਨੂੰ ਛੱਡ ਥਾਂ ਥਾਂ ਕੋਡੇ ਹੋਈ ਫਿਰਨਾ? ਮੱਖੀ ਦੀ ਕਦੇ ਕਿਸੇ ਕਵਿਤਾ ਕਹੀ? ਮੱਖੀ ਲਈ ਕਦੇ ਕਿਸੇ ਕਾਵ ਉਡਾਰੀ ਲਾਈ? ਕਿਉਂਕਿ ਉਹ ਇਕ ਦੀ ਹੋ ਕੇ ਨਹੀ ਬਹਿੰਦੀ। ਉਸ ਨੂੰ ਇਕ ਤੇ ਯਕੀਨ ਹੀ ਨਹੀ ਆਉਂਦਾ।


ਆਸ਼ਕੀ ਹੁੰਦੀ ਹੀ ਇਕ ਨਾਲ ਹੈ।ਹਰੇਕ ਨਾਲ ਹੀ ਥੋੜੋਂ ਹੋਈ ਜਾਂਦੀ। ਆਸ਼ਕੀ ਦਾ ਮੱਤਲਬ ਹੀ ਸਬੰਧ ਦਾ ਇਕ ਨਾਲ ਹੋਣਾ ਹੈ। ਜਿਥੇ ਦੂਜਾ ਆ ਗਿਆ ਆਸ਼ਕੀ ਨਾ ਰਹੀ। ਦੂਜੇ ਨਾਲ ਆਸ਼ਕੀ ਹੋ ਹੀ ਨਹੀ ਸਕਦੀ। 'ਦੂਜੇ ਲਗੇ ਜਾਇ' ਹੈ ਤਾਂ ਬਾਬਾ ਜੀ ਅਪਣੇ ਸਵਾਲ ਖੜਾ ਕਰਦੇ ਹਨ ਕਿ ਇਹ ਕਾਹਦੀ ਆਸ਼ਕੀ ਹੋਈ ਜਿਹੜੀ ਇਕ ਨਾਲ ਵੀ ਹੈ ਅਤੇ ਦੂਜੇ ਵੀ! ਜਿਥੇ ਲਫਜ ਦੂਜਾ ਆ ਗਿਆ ਉਸ ਆਸ਼ਕੀ ਉਪਰ ਸਵਾਲ ਉਠੇਗਾ ਹੀ ਉਠੇਗਾ। ਉਠ ਤਾਂ ਰਹੇ ਨੇ। ਤੁਸੀਂ ਕਿਸੇ ਨੂੰ ਨਾਸਤਿਕ ਕਹਿ ਕੇ ਸਵਾਲ ਨੂੰ ਕਿਵੇਂ ਮਾਰ ਦਿaਂਗੇ। ਮੈਨੂੰ ਵੀ ਕਹੀ ਜਾਓ ਪਰ ਦੂਜਾ ਤਾਂ ਦੂਜਾ ਹੀ ਰਹੇਗਾ ਜਿੰਨਾ ਚਿਰ ਤੁਸੀਂ ਛੱਡਦੇ ਨਹੀ। ਜਿੰਨਾ ਜੋਰ ਦੂਜੇ ਨੂੰ ਨਾਸਤਿਕ ਕਹਿਣ ਜਾਂ ਗਾਹਲਾਂ ਕੱਢਣ ਤੇ ਲੱਗਦਾ ਹੈ ਉਦੋਂ ਕਿਤੇ ਘੱਟ 'ਦੂਜਾ' ਛੱਡਣ ਤੇ ਲੱਗਦਾ ਹੈ। 'ਦੂਜਾ' ਛੱਡ ਕਿਉਂ ਨਹੀ ਦਿੰਦਾ ਮੈਂ।


ਅਖੇ ਨਹੀ! ਇਕ ਸੰਤ ਬਣਾਉਂਦਾ ਦੂਜਾ ਸਿਪਾਹੀ!! ਯਾਨੀ ਦੂਜੇ ਬਿਨਾ ਪਹਿਲਾ ਅਧੂਰਾ? ਦੋ ਹੋ ਕੇ ਪੂਰਾ ਹੁੰਦਾ। ਦੂਜਾ ਕੀ ਨਾਲ ਸੀ ਜਦ ਗੁਰੂ ਨੇ ਪਹਿਲੇ ਨੂੰ ਮੱਥਾ ਟੇਕਿਆ? ਇਹ ਕਿਦਾਂ ਦੀ ਆਸ਼ਕੀ ਹੋਈ। ਸਲਾਮ ਵੀ ਤੇ ਜਵਾਬ ਵੀ? ਸਲਾਮ ਵੀ ਕਰੀ ਜਾਨਾਂ ਤੇ ਜਵਾਬ ਵੀ ਦਈ ਜਾਨਾਂ ਕਿ ਨਹੀ! ਜਵਾਬ ਹੀ ਹੋਇਆ ਨਾ ਕਿ ਨਹੀ ਬਾਬਾ ਜੀ ਤੁਸੀਂ ਦੂਜਾ ਰੱਖਣਾ ਭੁੱਲ ਗਏ ਸੀ ਮੈਂ ਰੱਖ ਦਿੱਤਾ ਨਾ! ਤੁਹਾਡੀ ਇਸ ਭੁੱਲ ਕਾਰਨ ਮੈਂ ਸਿਪਾਹੀ ਬਣਨੋਂ ਰਹਿ ਚਲਿਆ ਸੀ! ਸਲਾਮ ਨਿੱਤ ਕਰਦਾਂ ਮੈਂ ਪਰ ਜਵਾਬ ਦੇਖੋ ਕਿੰਨਾ ਵੱਡਾ? ਇਨਾ ਵੱਡਾ ਜਵਾਬ ਕਿ ਗੁਰੂ ਨੂੰ ਭੁਲਣਹਾਰ ਬਣਾ ਕੇ ਰੱਖ ਦਿੱਤਾ ? ਗੁਰੂ ਭੁਲ ਹੀ ਗਿਆ ਨਾ! ਜੇ ਗੁਰੂ ਠੀਕ ਸੀ ਤਾਂ ਉਸ ਦੇ ਫੈਸਲੇ ਉਪਰ ਫੈਸਲਾ ਠੋਸਣ ਵਾਲਾ ਮੈਂ ਕੌਣ ਹਾਂ। ਜਾਂ ਤਾਂ ਬਾਂਹ ਖੜੀ ਕਰਕੇ ਮੈਂ ਕਹਿ ਦਿਆਂ ਕਿ ਨਹੀ! ਇਹ ਇਤਿਹਾਸ ਵਿਚ ਦੋਸ਼ ਹੈ ਦਰਅਸਲ ਉਥੇ 'ਸ੍ਰੀ ਦਸਮ ਗਰੰਥ ਸਾਹਿਬ ਜੀ' ਵੀ ਸਨ??? ਬਿਲਕੁਲ ਉਵੇਂ ਜਿਵੇਂ ਸਾਡੇ ਡੇਰਿਆਂ ਵਿਚ ਹਨ ਜਾਂ ਕੁਝ ਤਖਤਾਂ ਉਪਰ। ਇਕ ਪਾਸੇ ਇਕ ਤੇ ਦੂਜੇ ਪਾਸੇ ਦੂਜਾ। ਫਿਰ ਦੋਹਰਾ ਵੀ ਤਾਂ ਬਦਲਨਾ ਪਵੇਗਾ। ਚਲੋ ਉਹ ਵੀ ਬਦਲ ਦਿਆਂਗੇ ਬਥੇਰੇ ਘੈਂਟ ਵਿਦਵਾਨ ਨੇ ਸਾਡੇ ਪਾਸ। ਪਰ ਬਾਬਾ ਜੀ ਅਪਣਿਆਂ ਫਿਰ ਸਵਾਲ ਖੜਾ ਕਰ ਦੇਣਾ ਕਿ 'ਸਵਾਲ ਜਵਾਬ ਦੋਵੇਂ ਕਰੇ ਮੁਢੋਂ ਗੁਥਾ ਜਾਇ'॥


ਮੁਢੋਂ ਘੁਥਾ ਜਾਂਦਾ ਜਿਹੜਾ ਸਵਾਲ ਵੀ ਕਰਦਾ ਤੇ ਜਵਾਬ ਵੀ ਦਿੰਦਾ। ਕੌਮ ਮੇਰੀ ਜਾਈ ਤਾਂ ਜਾਂਦੀ ਮੁਢੋਂ ਘੁੱਥੀ ਜਿੰਨਾ ਨੂੰ ਇਕ ਆਸ਼ਕੀ ਤੇ ਸਿਦਕ ਹੀ ਨਹੀ ਰਿਹਾ। ਜਿਹੜਾ ਉਹ ਲਿਆ ਕੇ ਰਖ ਦਿੰਦੇ ਉਸੇ ਨੂੰ ਮੱਥਾ ਟੇਕ ਦਿੰਦਾ। ਇਹ ਵੀ ਨਹੀ ਵਿੰਹਦਾ ਕਿ ਇਸ ਵਿਚ ਲਿਖਿਆ ਕੀ ਹੈ। ਲਿਖਿਆ? 'ਹਨੇਰੀਆਂ' ਲਿਆਂਦੀਆਂ ਪਈਆਂ ਲਿਖਣ ਵਾਲਿਆਂ ਵੀ! ਚੜਦੀਆਂ ਤੋਂ ਚੜਦੀਆਂ ਕਹਾਣੀਆਂ। ਸੌਂਹ ਖਾ ਕੇ ਦੱਸਿਓ ਤੁਸੀਂ ਅਪਣੇ ਬੱਚੇ ਨੂੰ ਕਦੇ, ਕਦੇ ਵੀ ਇਦਾਂ ਸਿਖ ਮੱਤ ਦਿੱਤੀ ਕਿ ਬੱਚਾ ਬਦਚਲਨ ਔਰਤਾਂ ਤੋਂ ਬਚ ਰਹਿਣਾ ਤਾਂ ਚਲ ਆ ਤੈਨੂੰ ਇਕ ਕਹਾਣੀ ਸੁਣਾਵਾਂ। ਤੇ ਫਿਰ ਕਹਾਣੀ ਵੀ ਇਕ ਦੋ ਚਾਰ ਨਹੀ ਪੂਰੇ ੪੦੫। ਲੜੀਆਂ ਪਰੋ ਪਰੋ ਮਾਰੀਆਂ। ਮੰਜੇ ਤੇ ਮੰਜਾ ਤੋੜੀ ਆ ਰਿਹੈ ਲਿਖਣ ਵਾਲਾ। ਭੰਗ ਫੀਮ ਛੱਡੀ ਕੋਈ ਨਹੀ ਮਾਂ ਦੇ ਪੁੱਤ ਨੇ। ਨਵੇਂ ਤੋਂ ਨਵੇਂ ਆਸਣ ਕਰ ਕਰ ਦਿੰਦਾ। ਕਦੇ ਪੁੱਠਾ ਕਦੇ ਸਿੱਧਾ। ਕੰਧਾਂ ਕੋਠੇ ਟਪਾ ਮਾਰੇ। ਘੁੰਡ ਕੱਢ ਕੱਢ ਬੰਦੇ ਨੂੰ ਬੰਦੇ ਤੇ ਪਾਈ ਤੁਰੀ ਜਾਂਦਾ। ਲਿਖਣ ਵਾਲੇ ਨੂੰ ਜਿਵੇਂ ਔਰਤ ਮਿਲੀ ਨਹੀ ਹੁੰਦੀ ਤੇ ਉਹ ਅਪਣੀ ਹਿਰਸ ਇਨਾ ਕਹਾਣੀਆਂ ਰਾਹੀਂ ਪੂਰੀ ਕਰ ਰਿਹਾ ਹੁੰਦਾ। ਭੰਗ ਤੋਂ ਵੀ ਕੋਈ ਚੱਕਵੀ ਚੀਜ ਪੀ ਕੇ ਲੱਗਾ ਜਾਪਦਾ।ਤੁਹਾਨੂੰ ਲਗੱਦਾ ਇਹ ਸਿਆਣੇ ਬੰਦੇ ਦੀ ਲਿਖਤ ਹੈ? ਸਿਆਣੀ ਕਹਾਣੀ ਕੋਈ ਨਹੀ ਵਿਚ! ਤੁਸੀਂ ਸਿਆਣਿਆਂ ਬੰਦਿਆਂ ਦੀ ਮਹਿਫਲ ਵਿਚ ਬੈਠੇ ਇਕ ਵੀ ਕਹਾਣੀ ਇਦਾਂ ਦੀ ਕਹਿ ਕੇ ਦੇਖੋ। ਅਗਲਾ ਕਹੂ ਹਿੱਲ ਗਿਆਂ? ਦਾਹੜੀ ਮੂੰਹ ਤੇ ਕੋਈ ਹਯਾ ਕਰ!


ਪਰ ਇਧਰ ਲਿਖਣ ਵਾਲਾ? ਤੁਰਿਆ ਹੀ ਜਾਂਦਾ! ਰੁਕਦਾ ਹੀ ਨਹੀ! ਤੇ ਲਫਜਾਤ? ਕੋਈ ਲੁਕਵੇਂ ਨਹੀ! ਨੰਗੇ ਲਫਜ? ਚਿੱਟੇ ਨੰਗੇ! ਕੋਈ ਕੱਪੜਾ ਨਹੀ ਉਪਰ! ਕੱਪੜਾ ਪਾਉਂਣਾ ਹੀ ਭੁੱਲ ਗਿਆ ਲਫਜਾਂ ਤੇ! ਸਭ ਲਾਹ ਮਾਰੇ! ਜਿਦ ਜਿਦ ਕਪੱੜੇ ਲਾਹੇ ਜਿਵੇਂ ਉਸ ਲਫਜ਼ਾਂ ਦੇ। ਜਿਵੇਂ ਉਸ ਦੀ ਕੋਕੇ ਪੰਡਤ ਨਾ ਸ਼ਰਤ ਲੱਗੀ ਹੋਵੇ ਕਿ ਆ ਨਿਕਲ ਮੈਦਾਨ ਵਿਚ! ਤੈਨੂੰ ਦੱਸਾਂ ਸ਼ਾਸ਼ਤਰ ਕਿਵੇਂ ਲਿਖੀਦੇ ਨੇਂ। ਤੇ ਕੋਕੇ ਨੂੰ ਹਰਾ ਕੇ ਦਮ ਲਿਆ ਮਾਂ ਦੇ ਪੁੱਤ ਨੇ!! ਮੇਰੇ ਤੇ ਗਿਲਾ ਨਾ ਕਰੋ ਇਕ ਪਾਸੇ ਕੋਕਾ ਰਖ ਲਓ ਦੂਜੇ ਆਹ ਕਹਾਣੀਆਂ। ਕੋਕਾ ਹਾਰਿਆ ਹੋਇਆ ਦਿੱਸੇਗਾ! ਨਹੀ?


ਮੇਰੀ ਆਸ਼ਕੀ ਛੱਕੀ ਹੋ ਗਈ। ਭੌਰੇ ਵਾਲੀ ਗੱਲ ਨਾ ਰਹੀ ਤੇ ਤਾਂ ਹੀ ਗੁਰੂ ਜੀ ਮੈਨੂੰ ਸਵਾਲ ਕਰਦੇ ਕਿ ਏਹ ਕਿਹੋ ਜਿਹੀ ਆਸ਼ਕੀ ਕਿ ਤੂੰ ਸਵਾਲ ਵੀ ਕਰੀ ਜਾਂਨਾ ਤੇ ਅਗੋਂ ਜਵਾਬ ਵੀ ਦਈ ਜਾਨਾਂ? ਤੇ ਜਵਾਬ ਵੀ ਇਨੇ ਵੱਡੇ? ਤੇਰਾ ਤਾਂ ਮੂੰਹ ਹੀ ਬੜਾ ਛੋਟਾ ਸੀ ਗੁਰੂ ਅਗੇ, ਪਰ ਜਵਾਬ ਦੇਣ ਲਗਿਆਂ ਤੂੰ ਕਹਾਣੀ ਵਾਲੇ ਵਾਂਗ 'ਕਮਾਲ' ਕਰ ਕੇ ਰੱਖ ਦਿੱਤੀ?Back    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।