Singh Sabha-U.S.A.
Articles

ਪੰਥਕ ਮਹਿਫ਼ਲ ਦਾ ਚੌਮੁਖੀਆ ਚਿਰਾਗ 'ਕਪੂਰ ਸਿੰਘ'
Aug 15,2017
(ਗੁਰਤੇਜ ਸਿੰਘ)

 

ਸਿਰਦਾਰ ਕਪੂਰ ਸਿੰਘ ਨਿਰਾਲੇ ਪੰਥ ਦਾ ਚੌਮੁਖੀਆ ਰੌਸ਼ਨ ਚਿਰਾਗ ਸੀ। ਓਸ ਨੇ ਸਿੱਖ ਦਰਸ਼ਨ, ਰਾਜਨੀਤੀ ਸ਼ਾਸਤਰ, ਸਾਹਿਤ ਅਤੇ ਸਿਆਸਤ ਵਿੱਚ ਲੰਮਾ ਸਮਾਂ ਬੌਧਿਕ ਅਗਵਾਈ ਦਿੱਤੀ। ਉਹ ਸਿੱਖੀ ਨੂੰ ਮਾਨਵਤਾ ਦਾ ਸ਼ਿੰਗਾਰ ਸਮਝਦਾ ਸੀ ਅਤੇ ਗੁਰੂ ਨੂੰ ਇੰਨ-ਬਿੰਨ ਅਕਾਲ ਰੂਪ। ਸੰਸਾਰ ਭਰ ਦੇ ਪ੍ਰਮੁੱਖ ਧਰਮਾਂ ਅਤੇ ਸੱਭਿਅਤਾਵਾਂ ਦੇ ਸੰਦਰਭ ਵਿੱਚ ਓਸ ਨੇ ਸਿੱਖੀ ਦਾ ਮੁਲਾਂਕਣ ਕੀਤਾ ਅਤੇ ਸਿੱਖ ਸਮਾਜ ਨੂੰ ਸਿੱਖੀ ਦੇ ਹਾਣ ਦੀਆਂ ਕਦਰਾਂ-ਕੀਮਤਾਂ ਅਪਨਾਉਣ ਦਾ ਰਾਹ ਦੱਸਦਾ ਉਹ ਸਾਰੀ ਉਮਰ ਨਿਸ਼ਕਾਮ ਭਾਵਨਾ ਨਾਲ ਨੰਗੇ ਧੜ ਜੂਝਦਾ ਰਿਹਾ। ਸਿੱਖੀ ਦਾ ਹਰ ਦਰਦ ਓਸ ਦੇ ਹੱਡਾਂ ਵਿੱਚ ਰਚਿਆ ਹੋਇਆ ਸੀ ਅਤੇ ਸਮਾਜ ਦੀ ਹਰ ਖੁਸ਼ੀ, ਉਮੰਗ ਅਤੇ ਪਾਕਿ ਜਜ਼ਬੇ ਨੂੰ ਓਸ ਨੇ ਆਪਣਾ ਬਣਾਇਆ ਹੋਇਆ ਸੀ। ਇਹਨਾਂ ਸਾਰੀਆਂ ਅਸਾਧਾਰਣ ਸ਼ਕਤੀਆਂ, ਜਜ਼ਬਿਆਂ ਦੀ ਛਾਵੇਂ ਬੈਠ ਕੇ ਜਦੋਂ ਉਹ ਆਪਣੀ ਨਿਵੇਕਲੀ ਬੌਧਿਕ ਸ਼ਕਤੀ ਰਾਹੀਂ ਭਵਿੱਖ ਦਾ ਨਕਸ਼ਾ ਵਾਹੁੰਦਾ ਸੀ ਤਾਂ ਪੁਰਾਤਨ ਸਿੰਘਾਂ ਵਾਲਾ ਸਿਦਕ, ਸੂਫ਼ੀਆਂ ਦੇ ਡੂੰਘੇ ਵਜਦ ਅਤੇ ਸੰਸਾਰ ਭਰ ਦੇ ਅਜੋਕੇ ਫ਼ਲਸਫ਼ਿਆਂ ਦੇ ਰਾਜ਼, ਕਲਗ਼ੀ ਵਾਲੇ ਦੇ ਬਾਜ਼ ਸਮੇਤ ਓਸ ਦੀ ਪਰਵਾਜ਼ ਦੇ ਹਮਸਫ਼ਰ ਹੁੰਦੇ ਸਨ। ਗੁਰੂ-ਪ੍ਰਮੇਸ਼ਰ ਦਾ ਨਿਰਧਾਰਤ ਕੀਤਾ ਮਾਨਵ-ਕਲਿਆਣ ਦਾ ਟੀਚਾ ਓਸ ਦਾ ਟੀਚਾ ਹੁੰਦਾ ਸੀ ਜਿਸ ਦਾ ਹਰ ਮੋੜ ਮਨੁੱਖਤਾ ਲਈ ਸੁਖਾਵਾਂ ਬਣਾਉਣਾ ਓਸ ਦੀ ਲੋਚਾ ਹੁੰਦੀ ਸੀ। ਓਸ ਦੇ ਅਕਾਲ ਚਲਾਣੇ ਤੋਂ ਬਾਅਦ, ਅੱਜ ਵੀ ਓਸ ਦੇ ਪਾਏ ਪੂਰਨਿਆਂ ਉੱਤੇ ਚੱਲਣ ਨਾਲ ਖ਼ਾਲਸਾ ਪੰਥ ਮਨੁੱਖਤਾ ਦੇ ਸਦੀਵੀ ਭਲ਼ੇ ਦੇ ਟੀਚਿਆਂ ਵੱਲ ਅਗਰਸਰ ਹੋ ਕੇ ਸੰਸਾਰ ਦੀ ਵਾਹ-ਵਾਹ ਖੱਟ ਸਕਦਾ ਹੈ ਅਤੇ ਅਕਾਲ ਪੁਰਖ ਦੀ ਮਿਹਰ ਹਾਸਲ ਕਰ ਸਕਦਾ ਹੈ।

ਆਪਣੇ ਸਮੁੰਦਰੋਂ ਡੂੰਘੇ ਗਿਆਨ, ਕੌਮਾਂ ਦੇ ਇਤਿਹਾਸ ਅਤੇ ਧਰਮ ਦੀ ਜਾਣਕਾਰੀ ਅਤੇ ਉਮਰ ਭਰ ਦੇ ਤਜ਼ਰਬੇ ਨਾਲ ਓਸ ਨੇ ਸਿੱਖ ਪੰਥ ਦੀ ਚੜ੍ਹਤ ਦਾ ਜ਼ਾਮਨ ਆਪਣੇ ਸਿੱਖ ਹੋਮਲੈਂਡ ਦੇ ਸੰਕਲਪ ਨੂੰ ਜਾਣਿਆ। ਉਸ ਦੀ ਲਿਖਣ ਸ਼ਕਤੀ ਦਾ ਕਮਾਲ ਸੀ ਕਿ ਓਸ ਨੇ ਏਸ ਦੀ ਮੁਕੰਮਲ ਰੂਪ-ਰੇਖਾ ਦਾ ਨਿਰੂਪਣ ਕੇਵਲ ਇੱਕ ਆਮ ਨਾਪ (A4) ਦੇ ਕਾਗ਼ਜ਼ ਦੇ ਇੱਕ ਸਫ਼ੇ ਉੱਤੇ ਕਰ ਦਿੱਤਾ ਸੀ। ਸਿਰਦਾਰ ਦੇ ਹੋਮਲੈਂਡ ਦੇ ਵਿਚਾਰ ਦੀ ਸਾਰਥਕਤਾ ਨੂੰ ਸਮਝਣ ਖ਼ਾਤਰ ਅਸਾਨੂੰ ਆਪਣੇ ਸਮਾਜ ਦੀਆਂ ਸਮਾਜਕ ਅਤੇ ਸਿਆਸੀ ਪ੍ਰਸਥਿਤੀਆਂ ਉੱਤੇ ਇੱਕ ਸਰਸਰੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਅੱਜ ਸਾਡਾ ਸਮਾਜ ਅਤੇ ਸਾਡੀ ਕੌਮ ਪ੍ਰਮੁੱਖ ਤੌਰ ਉੱਤੇ ਪਰਵਾਸੀਆਂ ਅਤੇ ਦੇਸ਼ ਵਸਦੀਆਂ ਦੋ ਇਕਾਈਆਂ ਵਿੱਚ ਤਕਰੀਬਨ ਬਰਾਬਰ ਵੰਡਿਆ ਹੋਇਆ ਹੈ – ਜੇ ਗਿਣਤੀ ਪੱਖੋਂ ਨਹੀਂ ਤਾਂ ਘੱਟੋ ਘੱਟ ਅਹਿਮੀਅਤ ਪੱਖੋਂ ਜ਼ਰੂਰ। ਦੋਨੋਂ ਇਕਾਈਆਂ ਵਿੱਚੋਂ ਕਿਸੇ ਵਿੱਚ ਵੀ ਸਿਰਦਾਰ ਦੀ ਹੋਮਲੈਂਡ ਦਾ ਮੁਕੰਮਲ ਸੁਪਨਾ ਸਾਕਾਰ ਨਹੀਂ ਹੁੰਦਾ। ਪਰ ਸਮਦ੍ਰਿਸ਼ਟੀ ਨਾਲ ਵੇਖਿਆਂ ਪਰਦੇਸੀ ਖ਼ਾਲਸਾ ਜ਼ਰੂਰ ਓਸ ਦੇ ਵਧੇਰੇ ਨੇੜੇ ਪਹੁੰਚਣ ਵਿੱਚ ਸੁਤੇ ਸਿਧ ਹੀ ਕਾਮਯਾਬ ਹੋਇਆ ਹੈ। ਮੁਕੰਮਲ ਆਜ਼ਾਦੀ ਦੀ ਅਣਹੋਂਦ ਦੀ ਰੜਕ ਅਤੇ ਚੀਸ ਦੋਵੇਂ ਪਾਸੇ ਹੈ ਪਰ ਪਰਵਾਸ ਵਿੱਚ ਏਸ ਦਾ ਅਹਿਸਾਸ ਵਧੇਰੇ ਕਰਕੇ ਮਾਨਸਿਕ ਅਸੰਤੁਸ਼ਟੀ ਪੱਖੋਂ ਹੈ। ਦੇਸ ਵਿੱਚ ਏਹੀ ਅਹਿਸਾਸ ਹਰ ਵਕਤ ਕਠੋਰ ਹਥੌੜੇ ਵਾਂਗ ਹਰ ਪਲ਼ ਦੁੱਖਦਾਈ ਵਾਰ ਕਰਦਾ ਰਹਿੰਦਾ ਹੈ। ਇਹ ਸਮਾਜ ਨੂੰ ਕਦੇ ਮਨੁੱਖੀ ਜੀਵਨ ਦੇ ਸਹਿਜ ਅਨੰਦ ਮਾਨਣ ਦੇ ਨੇੜੇ-ਤੇੜੇ ਢੁੱਕਣ ਨਹੀਂ ਦਿੰਦਾ।

ਸਿੱਖ ਹੋਮਲੈਂਡ ਦੇ ਸੰਕਲਪ ਦਾ ਸਭ ਤੋਂ ਅਹਿਮ ਪਹਿਲੂ ਹੈ ਸ਼ਖ਼ਸੀ, ਸਮਾਜਕ ਅਤੇ ਧਾਰਮਕ ਅਕੀਦੇ ਦੀ ਖ਼ੁਦਮੁਖ਼ਤਿਆਰੀ। ਪ੍ਰਦੇਸ ਦੇ ਤਕਰੀਬਨ ਹਰ ਸੱਭਿਅਕ ਮੁਲਕ ਵਿੱਚ ਸਦੀਆਂ ਦੀਆਂ ਦੁਸ਼ਵਾਰੀਆਂ ਝੇਲਦੇ ਸਮਾਜ ਓਸ ਪੜਾਅ ਉੱਤੇ ਪਹੁੰਚ ਚੁੱਕੇ ਹਨ ਜਿੱਥੇ ਇਹ ਨਾਯਾਬ ਹਕੂਕ, ਬਿਨਾ ਘੋਰ ਸੰਘਰਸ਼ ਦੇ, ਓਥੋਂ ਦੇ ਕਾਨੂੰਨਾਂ ਮੁਤਾਬਕ ਪ੍ਰਾਪਤ ਕਰਨ ਦਾ ਰਾਹ ਮੋਕਲਾ ਹੈ। ਆਪਣੀਆਂ ਧਾਰਮਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਵਧਣ-ਫੁੱਲਣ ਵਾਸਤੇ ਜਿਨ੍ਹਾਂ ਅਦਾਰਿਆਂ ਦੀ ਲੋੜ ਹੁੰਦੀ ਹੈ - ਮਸਲਨ ਗੁਰਦਵਾਰੇ, ਸਭਾਵਾਂ, ਤਨਜ਼ੀਮਾਂ – ਨੂੰ ਤਾਮੀਰ ਕਰਨ ਅਤੇ ਕਾਇਮ ਰੱਖਣ ਦੀ ਆਜ਼ਾਦੀ ਵੀ ਪ੍ਰਦੇਸ ਵਿੱਚ ਤਕਰੀਬਨ ਓਥੋਂ ਦੇ ਰਾਜ-ਪ੍ਰਬੰਧ ਅਧੀਨ ਕਾਨੂੰਨ ਰਾਹੀਂ ਹੀ ਮਿਲ ਜਾਂਦੀ ਹੈ। ਨੌਕਰੀਆਂ ਇਤਿਆਦਿ ਵਿੱਚ ਕੁਝ ਵਿਤਕਰੇ ਹਨ ਜਿਨ੍ਹਾਂ ਨੂੰ ਵੀ ਬਹੁਤੇ ਮੁਲਕਾਂ ਵਿੱਚ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੋਇਆ ਹੈ। ਜਦੋਂ ਕਦੇ ਵਿਤਕਰਾ, ਬੇਇਨਸਾਫ਼ੀ ਹੁੰਦੀ ਹੈ ਤਾਂ ਨਿਆਂ-ਵਿਵਸਥਾ ਪੀੜਤ ਦੇ ਨਾਲ ਖੜ੍ਹ ਕੇ ਹੱਲ ਲੱਭਣ ਲਈ ਵਚਨਬੱਧ ਪਾਈ ਜਾਂਦੀ ਹੈ। ਰੰਗ-ਭੇਦ, ਨਸਲਵਾਦ ਕਈ ਮੁਲਕਾਂ ਵਿੱਚ ਕਦੇ-ਕਦੇ ਸਿਰ ਚੁੱਕਦਾ ਹੈ ਪਰ ਏਸ ਪ੍ਰਵਿਰਤੀ ਨੂੰ ਹਰ ਸੱਭਿਅਕ ਮੁਲਕ ਦੇ ਸਾਂਝੇ ਸਮਾਜ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਤਕਰੀਬਨ ਹਰ ਸਬੰਧਤ ਵਿਦੇਸ਼ੀ ਸਮਾਜ ਏਸ ਵਰਤਾਰੇ ਤੋਂ ਮੁਕਤੀ ਹਾਸਲ ਕਰਨ ਦੇ ਰਾਹ ਅਮਲਨ ਤੁਰਿਆ ਹੋਇਆ ਹੈ। ਇਹਨਾਂ ਪ੍ਰਾਵਧਾਨਾਂ ਦੇ ਹੁੰਦਿਆਂ ਸਿੱਖ ਸਮਾਜ ਨੂੰ ਕਨੇਡਾ, ਅਮਰੀਕਾ, ਬਰਤਾਨੀਆ, ਔਸਟ੍ਰੇਲੀਆ, ਸਿੰਘਾਪੁਰ, ਨਿਊਜ਼ੀਲੈਂਡ, ਥਾਈਲੈਂਡ, ਮਲੇਸ਼ੀਆ ਆਦਿ ਵਿੱਚ, ਜਿੱਥੇ ਬਹੁਤੇ ਸਿੱਖ ਵੱਸਦੇ ਹਨ, ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਸਿੱਖ ਸਮਾਜ ਨੂੰ ਆਪਣੇ ਅਕੀਦਿਆਂ ਉੱਤੇ ਪ੍ਰਪੱਕ ਰਹਿਣ, ਆਪਣੀ ਸੱਭਿਅਤਾ ਦੀ ਰਾਖੀ ਲਈ ਸਮਰਥਨ ਆਦਿ ਵੀ ਦਿੱਤਾ ਜਾਂਦਾ ਹੈ ਅਤੇ ਢੁਕਵੇਂ ਸਮੇਂ ਏਸ ਦੀ ਯੋਗ ਪ੍ਰਸੰਸਾ ਵੀ ਦਿਲ ਖੋਲ੍ਹ ਕੇ ਕੀਤੀ ਜਾਂਦੀ ਹੈ। ਤਾਂਹੀਏਂ ਸਾਰਾ ਪੰਜਾਬ ਵਹੀਰਾਂ ਘੱਤ ਕੇ ਪਰਦੇਸ ਜਾਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ।

ਸੱਭਿਅਕ ਸਮਾਜ ਦੀਆਂ ਉਪਰੋਕਤ ਅਲਾਮਤਾਂ ਨੂੰ ਯਕੀਨੀ ਬਣਾਉਣ ਲਈ 1947 ਤੋਂ ਪਹਿਲਾਂ ਹਿੰਦ ਦੇ ਆਗੂਆਂ ਨੇ ਧਰਮ-ਨਿਰਪੱਖਤਾ ਦੇ ਮਖੌਟੇ ਪਾ ਕੇ, “ਵਾਸੂਧੈਵ ਕਟੁੰਭਕਮ” ਅਤੇ “ਸਤਿਆਮੇਵ ਜਯਤੇ” ਦੇ ਫ਼ੋਕੇ ਨਾਅਰੇ ਲਾ ਕੇ ਯਕੀਨ ਦਵਾਇਆ ਸੀ ਕਿ ਇਹ ਮੁਲਕ ਵੀ ਉੱਤਮ ਮੁਲਕਾਂ ਦੇ ਹਾਣ ਦਾ ਹੋ ਕੇ ਵਿਚਰਨਾ ਲੋਚਦਾ ਹੈ। ਕੁਝ ਕੁ ਊਣਤਾਈਆਂ ਨੂੰ ਛੱਡ ਕੇ 1950 ਦਾ ਸੰਵਿਧਾਨ ਵੀ ਏਸ ਦੀ ਪ੍ਰਾਪਤੀ ਨੂੰ ਮੁੱਖ ਰੱਖ ਕੇ ਘੜਿਆ ਗਿਆ ਸੀ। ਲਫ਼ਜ਼ੀ ਤੌਰ ਉੱਤੇ ਵੀ ਇਹ ਅਹਿਮ ਮੁਲਕਾਂ ਦੇ ਨਕਲ ਕੀਤੇ ਸੰਕਲਪਾਂ, ਧਾਰਨਾਵਾਂ ਵਿੱਚ ਪਰੋਇਆ ਗਿਆ ਸੀ। ਪਰ ਸੰਵਿਧਾਨ ਮੁਕੰਮਲ ਹੋਣ ਤੋਂ ਪਹਿਲਾਂ ਹੀ ਏਸ ਦੀ ਨਵੀਂ ਨਵੇਲੀ ਇਮਾਰਤ ਵਿੱਚ ਵੱਡੀਆਂ ਤਰੇੜਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸਨ। ਘੱਟ-ਗਿਣਤੀਆਂ ਅਤੇ ਦੂਜੀਆਂ ਕੌਮਾਂ ਨੂੰ ਵਾਅਦੇ ਅਨੁਸਾਰ ਅਤੇ ਸੰਵਿਧਾਨ ਦੇ ‘ਮੁੱਢਲੇ ਸੰਕਲਪ ਮਤੇ’ ਅਨੁਸਾਰ ਬਰਾਬਰ ਅਧਿਕਾਰ ਨਾ ਦੇ ਕੇ ਵਿਤਕਰਿਆਂ ਦੇ ਬੰਨ੍ਹ ਖੋਲ੍ਹ ਦਿੱਤੇ ਗਏ ਸਨ। ਧਰਮ-ਨਿਰਪੱਖਤਾ ਦਾ ਦਿਵਾਲਾ ਸੋਮਨਾਥ ਮੰਦਰ ਦੀ ਨਵ-ਉਸਾਰੀ ਆਦਿ ਰਾਹੀਂ ਅਤੇ ਧਾਰਾ 25 ਅਨੁਸਾਰ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਗਰਦਾਨ ਕੇ ਕੱਢਿਆ ਜਾ ਚੁੱਕਾ ਸੀ। ਅਸ਼ੋਕ ਦੀ ਸ਼ੇਰ-ਮੂਰਤੀ ਨੂੰ, ਬਿਨਾ ਮਹਾਤਮਾ ਜੀ ਦੇ ਧਰਮ-ਚੱਕਰ ਦੇ ਅੰਕੁਸ਼ ਦੇ, ਕੌਮੀ ਚਿੰਨ੍ਹ ਗਰਦਾਨ ਕੇ ਇਸ਼ਾਰਾ ਕੀਤਾ ਜਾ ਚੁੱਕਾ ਸੀ ਕਿ ਖ਼ੂੰਖ਼ਾਰ, ਆਦਮਖੋਰ ਨੀਤੀ ਏਸ ਸੰਵਿਧਾਨ ਹੇਠ ਅਪਣਾਈ ਜਾਵੇਗੀ। ਸਿਆਸੀ ਗ਼ੁਲਾਮ ਬਣਾਉਣ ਦੀ ਮਨਸ਼ਾ ਨਵੇਂ ਸੰਵਿਧਾਨ ਤਹਿਤ ਟ੍ਰੈਵਨਕੋਰ, ਕੋਚੀਨ ਅਤੇ ਪੈਪਸੂ (ਪੰਜਾਬ) ਦੀਆਂ ਵਜ਼ਾਰਤਾਂ ਨੂੰ ਬਰਖ਼ਾਸਤ ਕਰ ਕੇ ਐਲਾਨੀ ਗਈ ਸੀ।

ਪਿੱਛੇ ਝਾਤ ਮਾਰਦਿਆਂ ਜਾਤ-ਪਾਤ, ਰੰਗ-ਭੇਦ, ਛੂਤ-ਛਾਤ, ਸੁੱਚ-ਭਿੱਟ ਆਦਿ ਦੇ ਕਲੰਕ ਨੂੰ ਦਹਿਸਦੀਆਂ ਤੋਂ ਗਲ਼ ਨਾਲ ਲਾ ਰੱਖਣ ਵਾਲੀ ਸਥਾਈ ਸੱਭਿਆਚਾਰਕ ਬਹੁਗਿਣਤੀ (permanent cultural majority) ਤੋਂ ਵੱਡੀਆਂ ਆਸ਼ਾਵਾਂ ਰੱਖਣਾ ਵੀ ਮੂਰਖਤਾ ਦੀ ਇੰਤਹਾ ਸੀ। ਇਹਨਾਂ ਨਖਿੱਧ ਰੁਝਾਨਾਂ ਨੇ ਦੂਜੀਆਂ ਕੌਮਾਂ ਅਤੇ ਘੱਟ-ਗਿਣਤੀਆਂ ਪ੍ਰਤੀ ਏਨੀਂ ਮਾਰੂ ਨਫ਼ਰਤ ਦਾ ਜਜ਼ਬਾ ਸਥਾਈ ਬਹੁਗਿਣਤੀ ਵਿੱਚ ਵਸਾਇਆ ਹੋਇਆ ਹੈ, ਜੋ ਦਹਿਸਦੀਆਂ ਤੋਂ ਪੂਰੇ ਜੋਬਨ ਉੱਤੇ ਕਾਇਮ ਹੈ ਅਤੇ ਕਈ ਸਦੀਆਂ ਹੋਰ ਖ਼ਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਿਰਦਾਰ ਨੇ ਝੱਟ ਨਿਸ਼ਾਨਦੇਹੀ ਕਰ ਲਈ ਸੀ ਕਿ ਦੂਜੀਆਂ ਕੌਮਾਂ ਲਈ ਸਵੈ-ਇੱਛਾ ਅਨੁਸਾਰ ਨਿਰਭੈ ਸ੍ਵਛੰਦ ਵਿਚਰਨਾ, ਮੌਜੂਦਾ ਹਾਲਤਾਂ ਵਿੱਚ ਅਸੰਭਵ ਹੈ। ਸ਼ਾਇਦ ਸਿਰਦਾਰ ਨੂੰ ਧਰਮ-ਨਿਰਪੱਖ ਮਖੌਟਿਆਂ ਨੇ, ਖੋਖ਼ਲੇ ਐਲਾਨਾਂ ਨੇ, ਝੂਠੀਆਂ ਕਸਮਾਂ ਆਦਿ ਨੇ ਅਤੇ ਜ਼ਮਾਨੇ ਦੀ ਕੁੱਲ ਆਲਮ ਵਿੱਚ ਬਦਲਦੀ ਨੁਹਾਰ ਨੇ ਏਨਾਂ ਕੁ ਯਕੀਨ ਦਿਵਾਇਆ ਸੀ ਕਿ ਕਿਸੇ ਨਿੱਗਰ ਬਹਾਨੇ ਦੀ ਮੌਜੂਦਗੀ ਵਿੱਚ ਨਫ਼ਰਤ ਦਾ ਡੰਗ ਜ਼ਰਾ ਖੁੰਢਾ ਹੋ ਜਾਵੇਗਾ।

ਇਹ ਵੀ ਵਿਸਾਰਿਆ ਨਹੀਂ ਸੀ ਜਾ ਸਕਦਾ ਕਿ ਹਿੰਦੀ ਔਰਤਾਂ ਅਤੇ ਦੱਬੇ-ਕੁਚਲੇ ਲੋਕਾਂ ਕੋਲ ਆਪਣਾ ਸਮਾਜਕ ਅਤੇ ਅਧਿਆਤਮਕ ਰੁਤਬਾ ਉੱਚਾ ਕਰ ਕੇ ਬਰਾਬਰ ਦੇ ਹੱਕ ਹਾਸਲ ਕਰਨ ਦਾ, ਏਥੋਂ ਦੀਆਂ ਪ੍ਰਸਥਿਤੀਆਂ ਵਿੱਚ, ਇੱਕੋ-ਇੱਕ ਜ਼ਰੀਆ ਸਿੱਖੀ ਹੀ ਸੀ। ਹਰ ਪਰ-ਉਪਕਾਰੀ ਗੁਰਸਿੱਖ ਦਾ ਪੰਜ ਸਦੀਆਂ ਤੋਂ ਏਹੀ ਨਜ਼ਰੀਆ ਰਿਹਾ ਸੀ। ਨਾ ਕਾਨੂੰਨ, ਨਾ ਧਾਰਮਕ ਸੁਧਾਰ ਬਰਾਬਰੀ ਦੇ ਤਖ਼ਤ ਉੱਤੇ ਏਥੋਂ ਦੇ ਪਛੜੇ ਲੋਕਾਂ ਨੂੰ ਬਿਠਾ ਸਕਦੇ ਸਨ। ਅੱਜ 70 ਸਾਲ ਦਾ ਸੰਵਿਧਾਨ ਦਾ ਤਜ਼ਰਬਾ ਅਤੇ ਕਈ ਦਹਿਸਦੀਆਂ ਦਾ ਇਤਿਹਾਸ ਵੀ ਏਹੋ ਕਹਾਣੀ ਕਹਿੰਦਾ ਹੈ। ਇਸ ਲਈ ਸਿਰਦਾਰ ਹਿੰਦ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣ ਦੇ ਹੱਕ ਵਿੱਚ ਸੀ।

ਗੁਰੂ ਗ੍ਰੰਥ ਦੇ ਉਪਦੇਸ਼ ਦਾ ਨਿਸ਼ਾਨਾ ਹਰ ਮਨੁੱਖ ਨੂੰ ਅਧਿਆਤਮਕ ਤਰੱਕੀ ਦੀ ਪੌੜੀ ਉੱਤੇ ਨਿਰੰਤਰ ਚੜ੍ਹਦੇ ਰਹਿਣ ਦੇ ਸਮਰੱਥ ਬਣਾ ਕੇ ਅਕਾਲ ਪੁਰਖ ਨਾਲ ਪੱਕਾ-ਪੀਢਾ ਰਿਸ਼ਤਾ ਜੋੜਨਾ ਹੈ। ਪ੍ਰੇਮ ਨੂੰ ਏਸ ਦਾ ਸਾਧਨ ਦੱਸਦਿਆਂ ਗੁਰੂ ਮਨੁੱਖ ਮਾਤਰ ਦੇ ਆਪਸੀ ਰਿਸ਼ਤਿਆਂ ਨੂੰ ਭਰਾਤਰੀ ਭਾਵ ਵਾਲੇ ਅਤੇ ਸੁਹਾਵਣੇ ਬਣਾਉਣਾ ਲੋਚਦਾ ਹੈ। ਸਿੱਖੀ ਦੀ ਸਮਾਜਕ, ਸਿਆਸੀ ਫ਼ੈਸਲੇ ਕਰਨ ਦੀ ਗੁਰਮਤੇ ਦੀ ਵਿਧੀ ਆਪਣੇ ਪਾਰਦਰਸ਼ੀ ਚੋਗ਼ੇ ਵਿੱਚ ਰਵਾਇਤੀ ਲੋਕਰਾਜ ਅਤੇ ਵੋਟ-ਗਿਣਤੀ ਤੋਂ ਉੱਤੇ ਦੇ ਰਾਜ ਨੂੰ ਪਰਗਟ ਕਰਦੀ ਹੈ – ਜਿਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਨੁੱਖਤਾ ਨੂੰ ਕੁਝ ਸਮਾਂ ਲੱਗੇਗਾ ਪਰੰਤੂ ਸਦੀਵੀ ਸ਼ਾਂਤੀ ਅਤੇ ਭਾਈਚਾਰਾ ਏਸੇ ਸੰਕਲਪ ਅਧੀਨ ਹੀ ਯਕੀਨੀ ਬਣਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਦੇ ਅਨੇਕਾਂ ਹੋਰ ਸੂਖ਼ਮ ਰਾਜ਼ ਸਮਝਣ ਵਾਲੇ ਸਿਰਦਾਰ ਵੱਲੋਂ ਸਿੱਖ ਹੋਮਲੈਂਡ ਦਾ ਰਾਜਸੀ ਨਿਸ਼ਾਨਾ ਤੈਅ ਕਰਨਾ ਦੱਸਦਾ ਹੈ ਕਿ ਏਸ ਸੰਕਲਪ ਨੂੰ ਉਸਾਰਨ ਲਈ ਓਸ ਨੇ ਮਨੁੱਖੀ ਜੀਵਨ ਅਤੇ ਇਤਿਹਾਸ ਦੇ ਹਰ ਪਹਿਲੂ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਗੰਭੀਰਤਾ ਨਾਲ ਵੀਚਾਰ ਲਿਆ ਸੀ।

ਸਰਹੱਦਾਂ, ਮੁਲਕਾਂ, ਜਾਤੀਆਂ, ਕਬੀਲਿਆਂ ਰਾਹੀਂ ਵੰਡੀ ਮਨੁੱਖਤਾ ਨੇ ਪਿਛਲੇ ਸਮਿਆਂ ਵਿੱਚ ਬਰਾਬਰੀ ਦੀ ਭਾਲ ਵਿੱਚ ‘ਨੇਸ਼ਨ ਸਟੇਟ’ ਦਾ ਸੰਕਲਪ ਉਸਾਰਿਆ ਸੀ। ਇਹ ਸੰਕਲਪ ਵੈਸਟਫੇਲੀਆ ਦੀ ਸੰਧੀ ਤੋਂ ਬਾਅਦ ਕਈ ਸਦੀਆਂ ਸੰਸਾਰ ਦੇ ਸਿਆਸੀ ਪ੍ਰਬੰਧ ਦਾ ਆਧਾਰ ਰਿਹਾ। ਆਖ਼ਰ, ਜਿਵੇਂ ਕਿ ਅਕਸਰ ਹੁੰਦਾ ਹੈ, ਦਵਾਈ ਹੀ ਰੋਗ ਬਣ ਗਈ ਕਿਉਂਕਿ ਕੋਈ ਵੀ ਐਸਾ ਮੁਲਕ ਨਹੀਂ ਜਿਸ ਵਿੱਚ ਇੱਕੋ ਨਸਲ ਦੇ ਲੋਕ ਵੱਸਦੇ ਹੋਣ। ਸਮਾਂ ਪਾ ਕੇ ਵੱਖ-ਵੱਖ ਭਾਈਚਾਰਿਆਂ ਵਿੱਚ ਸਹਿਹੋਂਦ ਦੇ ਰਾਹ ਵਿੱਚ ‘ਨੇਸ਼ਨ ਸਟੇਟ’ ਵੱਡਾ ਅੜਿੱਕਾ ਹੀ ਨਹੀਂ ਬਲਕਿ ਆਪਸੀ ਕਲਹ ਦਾ ਕਾਰਣ ਬਣ ਕੇ ਉੱਭਰ ਆਇਆ। ਵਿਸ਼ਵ-ਵਿਆਪੀ ਸਹਿਹੋਂਦ ਦੇ ਵਿਚਾਰ ਨੂੰ ਧਰਾਤਲ ਉੱਤੇ ਉਤਾਰਨ ਲਈ ਜ਼ਰੂਰੀ ਸੀ ਕਿ ਹਰ ਕਬੀਲੇ, ਜਾਤੀ ਲਈ ਰਾਜ-ਪ੍ਰਬੰਧ ਨੂੰ ਅਜਿਹਾ ਬਣਾਇਆ ਜਾਵੇ ਕਿ ਕਿਸੇ ਨੂੰ ਬੇਗਾਨਾ ਨਾ ਜਾਪੇ ਅਤੇ ਹਰ ਸਮਾਜਕ ਇਕਾਈ ਨੂੰ ਆਪਣਾ-ਆਪਣਾ ਨਜ਼ਰ ਆਵੇ। ਇਹ ਤਾਂਹੀਏਂ ਸੰਭਵ ਹੈ ਜੇ “ਏਕੁ ਪਿਤਾ ਏਕਸ ਕੇ ਹਮ ਬਾਰਿਕ”, “ਨਾ ਕੋ ਬੈਰੀ ਨਹੀ ਬਿਗਾਨਾ” ਦੀਆਂ ਧਾਰਨਾਵਾਂ ਨੂੰ ਬਲਵਾਨ ਕਰਨ ਦੇ ਧਾਰਮਕ ਅਕੀਦੇ ਪ੍ਰਪੱਕ ਹੋਣ। ਇਹ ਅਕੀਦੇ ਸਿੱਖੀ ਨੇ ਪਹਿਲੀ ਵਾਰ ਸੰਸਾਰ ਉੱਤੇ ਪਰਗਟ ਕੀਤੇ। ਐਸਾ ਸੰਸਾਰ ਹੀ ਸਰਬੱਤ ਦੇ ਭਲੇ ਦਾ ਜਾਮਨ ਹੋ ਸਕਦਾ ਹੈ ਕਿਉਂਕਿ ਇਹ ਅਕੀਦੇ ਅਕਾਲ ਪੁਰਖ ਦੀ ਆਪਣੀ ਦਾਤ ਹਨ। ਏਸ ਯਕੀਨ ਸਦਕਾ ਹੀ ਸਿੱਖ ਆਦਿ ਬਿਰਤੀ ਪੱਖੋਂ ਧਾਰਮਕ ਤੌਰ ਉੱਤੇ ਪ੍ਰਪੱਕ, ਮਿਹਨਤਕਸ਼, ਉੱਦਮੀ ਸੁਭਾਅ ਅਤੇ ਸਾਊ ਆਚਰਣ ਵਾਲੇ ਹਨ। ਇਹ ਸਬੱਬ ਪੰਥ ਦੇ ਵਾਧੇ ਅਤੇ ਗੁਰੂ ਗ੍ਰੰਥ ਦੇ ਉਪਦੇਸ਼ ਨੂੰ ਦੂਰ-ਦੂਰ ਤੱਕ ਫ਼ੈਲਾਉਣ ਦਾ ਤਕੜਾ ਸਾਧਨ ਬਣ ਸਕਦਾ ਹੈ। ਇਉਂ ਸਿੱਖ ਸਮਾਜ ਅਤੇ ਸਥਾਈ ਬਹੁਗਿਣਤੀ ਸਮੇਤ ਸਮੁੱਚੇ ਸਮਾਜ ਦੀ ਸਦੀਵੀ ਭਲਾਈ ਦਾ ਬਾਨ੍ਹਣੂੰ ਬੰਨ੍ਹਿਆ ਜਾ ਸਕਦਾ ਹੈ।

1947 ਦੇ ਗ਼ੁਲਾਮੀ ਵਟਾਉਣ ਦੇ ਕਰਮ ਨੂੰ ਸਿਰਦਾਰ ਖ਼ੂਬ ਸਮਝ ਚੁੱਕਿਆ ਸੀ ਅਤੇ ਓਸ ਮਾਨਸਿਕਤਾ ਨੂੰ ਵੀ ਜੋ ਲਿਖਤੀ ਕਾਨੂੰਨ ਮੁਤਾਬਕ ਲਫ਼ਜ਼-ਜਾਲ ਦੀ ਸਮਾਨਤਾ ਬਖ਼ਸ਼ਣ ਨੂੰ ਹੀ ਸਥਾਈ ਸੱਭਿਆਚਾਰਕ ਬਹੁਗਿਣਤੀ ਦਾ ਗੌਰਵ ਸਮਝ ਰਹੀ ਸੀ। ਏਸ ਪ੍ਰਵਿਰਤੀ ਦਾ ਅਹਿਸਾਸ ਸਿਰਦਾਰ ਨੂੰ ਬਹੁਗਿਣਤੀ ਦੇ ਧਾਰਮਕ ਅਕੀਦਿਆਂ, ਮਸਲਨ ਜਾਤ-ਪਾਤ ਪ੍ਰਬੰਧ, ਰਾਹੀਂ ਗ਼ੁਲਾਮ ਬਣਾ ਕੇ ਰੱਖਣ ਦੀ ਮਨਸ਼ਾ ਤੋਂ ਅਤੇ ਇਤਿਹਾਸ ਤੋਂ ਚਿਰੋਕਣਾ ਹੋ ਚੁੱਕਾ ਸੀ। ’47 ਤੋਂ ਬਾਅਦ ਜੋ ਤਾਂਡਵ ਸਿੱਖ ਕੌਮ ਨੂੰ ਗ਼ੁਲਾਮ ਰੱਖਣ ਲਈ ਹਿੰਦ ਦੀ ਧਰਤੀ ਉੱਤੇ ਨੱਚਿਆ ਗਿਆ ਸੀ, ਸਿਰਦਾਰ ਓਸ ਦਾ ਚਸ਼ਮਦੀਦ ਗਵਾਹ ਸੀ। ਓਸ ਬੇਕਿਰਕ ਵਰਤਾਰੇ ਦੀਆਂ ਛਿੱਟਾਂ ਖ਼ੁਦ ਸਿਰਦਾਰ ਦੇ ਜਾਮੇ ਉੱਤੇ ਵੀ ਵੱਡੀ ਗਿਣਤੀ ਵਿੱਚ ਪਈਆਂ ਸਨ। ਹਿੰਦੂਤਵੀ ਸ਼ਕਤੀਆਂ ਓਸ ਨੂੰ ਬੇਪੱਤ ਕਰ ਕੇ ਕਾਨੂੰਨਨ ਸਭ ਤੋਂ ਮਹਿਫ਼ੂਜ਼ ਨੌਕਰੀ ਵਿੱਚੋਂ ਕੱਢਣ ਤੱਕ ਗਈਆਂ ਸਨ। ਓਸ ਨੇ ਉਹ ਸਰਕਾਰੀ ਅਹਕਾਮ ਵੀ ਵੇਖੇ ਸਨ ਜਿਨ੍ਹਾਂ ਵਿੱਚ ਸਿੱਖ ਕੌਮ ਨੂੰ ਜ਼ਲੀਲ ਕਰਨ ਲਈ ਏਸ ਨੂੰ ਜ਼ਰਾਇਮ-ਪੇਸ਼ਾ ਗਰਦਾਨ ਕੇ ਸਖ਼ਤੀ ਨਾਲ ਦਬਾਉਣ ਦੀਆਂ ਹਦਾਇਤਾਂ ਸਨ। ਆਪਣੇ ਉੱਤੇ ਪਏ ਮੁਕੱਦਮੇ ਵਿੱਚ ਸਿਰਦਾਰ ਨੇ ਏਸ ਹੁਕਮ ਨੂੰ ਆਪਣੇ ਪੱਖ ਵੱਲੋਂ ਪੇਸ਼ ਕੀਤਾ ਜਿਸ ਉੱਤੇ ਬਾਕਾਇਦਾ ਬਚਾਅ ਪੱਖ ਦੇ ਦਸਤਾਵੇਜ਼ (Defence exhibit) ਦੀ ਮੋਹਰ ਲੱਗੀ ਅਤੇ ਜੋ ਅਜੇ ਵੀ ਮਿਸਲ-ਮੁਕੱਦਮੇ ਨਾਲ ਨੱਥੀ ਹੈ। ਪਰ ਸਾਡੇ ਕਈ ‘ਸਿਆਣੇ ਬੁੱਧੀਜੀਵੀ’ ਆਖਦੇ ਸੁਣੀਂਦੇ ਹਨ ਕਿ ਇਹ ਦਸਤਾਵੇਜ਼ ਹੋਂਦ ਵਿੱਚ ਹੀ ਨਹੀਂ। ਨਾ ਯਥਾਰਥ, ਨਾ ਇਤਿਹਾਸ ਇਹਨਾਂ ਦੇ ਚਾਪਲੂਸ ਵਤੀਰੇ ਲਈ ਕੋਈ ਅਰਥ ਰੱਖਦਾ ਹੈ ਅਤੇ ਨਾ ਸੱਚ ਜਾਂ ਕਾਨੂੰਨੀ ਪ੍ਰਕਿਰਿਆ ਦੇ ਇਹ ਕਾਇਲ ਹਨ। ਪਰ ਆਪਣੀਆਂ ਬੇਥ੍ਹਵੀਆਂ ਨੂੰ ਅੰਤਮ ਸੱਚ ਦਰਸਾ ਕੇ ਪ੍ਰਚਾਰਨ ਦੇ ਹਠ ਨੂੰ ਹੀ ਵਿਦਵਤਾ ਸਮਝਦੇ ਹਨ।

1947 ਤੋਂ ਪਹਿਲਾਂ ਦਾ ਘਟਨਾਕ੍ਰਮ ਸਿਰਦਾਰ ਦੇ ਆਸ-ਪਾਸ ਹੀ ਵਾਪਰਿਆ ਸੀ। ਸਤਰਕ ਦਰਸ਼ਕ ਅਤੇ ਸਜਗ ਪਾਤਰ ਵਜੋਂ ਉਹ ਸਭ ਕਾਸੇ ਤੋਂ ਬਾਖ਼ਬਰ ਸੀ। ਉਸ ਨੇ ਇਹ ਸਾਰੀ ਜਾਣਕਾਰੀ ਆਪਣੀ ‘ਸਾਚੀ ਸਾਖੀ’ ਵਿੱਚ ਦਰਜ ਕੀਤੀ। ਸਿੱਖ ਪੰਥ ਸਬੰਧੀ ਘਟਨਾਵਾਂ ਦੇ ਸਾਰ ਨੂੰ ਓਸ ਨੇ ਪੰਜਾਬੀ ਸੂਬਾ ਬਣਨ ਦੇ ਮੌਕੇ ਆਪਣੇ ਲੋਕ ਸਭਾ ਵਿੱਚ ਕੀਤੇ ਕਹਿਣ (ਸਪੀਚ) ਵਿੱਚ ਵਿਸਥਾਰ ਨਾਲ ਦੱਸਿਆ। ਓਸ ਵੇਲੇ ਓਥੇ ‘ਆਜ਼ਾਦੀ ਦੀ ਲੜਾਈ’ ਲੜਨ ਵਾਲੇ ਬਹੁਤੇ ਅਹਿਮ ਕਿਰਦਾਰ ਜਿਊਂਦੇ ਸਨ; ਕਈ ਲੋਕ ਸਭਾ ਵਿੱਚ ਵੀ ਮੌਜੂਦ ਸਨ। ਸਿਰਦਾਰ ਨੇ ਸਥਾਈ ਬਹੁਗਿਣਤੀ ਵੱਲੋਂ ਸਿੱਖਾਂ ਨਾਲ ਕੀਤੇ ਘਿਨਾਉਣੇ ਵਿਸਾਹਘਾਤ ਦੀ ਕਹਾਣੀ ਖੋਲ੍ਹ ਕੇ ਦੱਸੀ। ਸਭ ਸੁੰਨ-ਮੁੰਨ ਹੋ ਕੇ ਸੁਣਦੇ ਰਹੇ। ਗੁਰੂ ਨਾਨਕ ਵੱਲੋਂ ਮੱਕੇ ਵਿੱਚ ਦਿੱਤੀ ਹੱਕ-ਸੱਚ ਦੀ ਬਾਂਗ ਬਾਰੇ ਭਾਈ ਗੁਰਦਾਸ ਆਖਦੇ ਹਨ, “ਸੁਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ”। ਅਜੋਕੀ ‘ਬਾਂਗ’ ਗੂਰੂ ਦੇ ਅਦਨੇ ਸਿੱਖ ਦੀ ਸੀ। ਇੱਕ ਅੱਧ ਮਸਖ਼ਰੇ ਨੇ ਸਿਰਦਾਰ ਨੂੰ ਮਸ਼ਕਰੀ ਰਾਹੀਂ ਵਿਚਲਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਓਸ ਦਾ ਵੀ ਓਸੇ ਬੋਲੀ ਵਿੱਚ ਸਿਰਦਾਰ ਨੇ ਮੂੰਹ-ਤੋੜਵਾਂ ਜਵਾਬ ਦਿੱਤਾ। ਦਸਮੇਸ਼ ਦਾ ਇਹ ਅਦੁੱਤੀ ਲਾਲ ਓਸ ਯਾਦਗਾਰੀ ਦਿਨ ਪ੍ਰਤੱਖ ਸਵਾ ਲੱਖ ਨਾਲ ਨਹੀਂ ਬਲਕਿ 80 ਕਰੋੜ ਨਾਲ ਜੂਝਿਆ ਅਤੇ ਓਸ ਨੇ ਕੇਵਲ ਸੱਚ ਦੇ ਆਸਰੇ ਵੱਡੀ ਫ਼ਤਹਿ ਹਾਸਲ ਕੀਤੀ। ਓਸ ਦੇ ਵਿਚਾਰਾਂ ਜਾਂ ਪਰਗਟ ਕੀਤੇ ਤੱਥਾਂ ਨੂੰ ਝੁਠਲਾਉਣ ਲਈ ਨਾ ਕੋਈ ਓਦੋਂ ਨਿੱਤਰਿਆ ਨਾ ਓਸ ਤੋਂ ਬਾਅਦ ਅੱਜ ਤੱਕ। ਪਰ ਅਸ਼ਕੇ ਜਾਈਏ ਚੰਦ ‘ਸਿੱਖ ਇਤਿਹਾਸਕਾਰਾਂ’ ਦੇ ਜਿਹੜੇ ਗ਼ੁਲਾਮੀ ਦਾ ਜੂਲਾ ਏਸ ਕਦਰ ਹੰਢਾ ਰਹੇ ਹਨ ਕਿ ਅੱਜ ਵੀ ਸੱਚ ਨੂੰ ਮੰਨਣ ਲਈ ਤਿਆਰ ਨਹੀਂ। ਉਹ, ਜਿਹੜੇ ਨੇੜੇ ਨਾ ਤੇੜੇ ਸਨ, ਆਖਦੇ ਹਨ ਕਿ 1947 ਵਿੱਚ ਅੰਗ੍ਰੇਜ਼ ਸਿੱਖਾਂ ਦੀ ਕੋਈ ਵੀ ਸਿਆਸੀ ਮੰਗ ਨਹੀਂ ਸੀ ਮੰਨ ਰਿਹਾ। ਅਸਲ ਵਿੱਚ ਅੱਜ ਦੇ ‘ਅੰਗ੍ਰੇਜ਼ਾਂ’ ਨੂੰ ਆਪਣੀ ਅਡਿੱਗ ਵਫ਼ਾਦਾਰੀ ਦੇ ਸਬੂਤ ਦੇਣ ਦੀ ਮਨਸ਼ਾ ਨਾਲ ਇਹ ਚਤੁਰ ਪੁਰਸ਼ ਸਿਰਦਾਰ ਨੂੰ ਅਣਜਾਣ ਦਰਸਾ ਕੇ ਚਾਪਲੂਸੀ ਦੇ ਟੀਚੇ ਸਰ ਕਰਨ ਦੇ ਯਤਨ ਵਿੱਚ ਹਨ।

ਉੱਤੇ ਕਈ ਕਾਰਣ ਦੱਸੇ ਗਏ ਹਨ ਜਿਨ੍ਹਾਂ ਕਾਰਣ ਸਿਰਦਾਰ ਨੇ ‘ਸਿੱਖ ਰਾਜ’, ‘ਸਿੱਖ ਸਟੇਟ’ ਜਾਂ ‘ਖ਼ਾਲਿਸਤਾਨ’ ਦੇ ਲਫ਼ਜ਼ ਅਤੇ ਸੰਕਲਪ ਨੂੰ ਨਾ ਵਰਤ ਕੇ ਹੋਮਲੈਂਡ ਦਾ ਨਾਅਰਾ ਬੁਲੰਦ ਕੀਤਾ ਸੀ। ਸਭ ਜਾਣਦੇ ਹਨ ਕਿ ਖ਼ਾਲਿਸਤਾਨ ਦੇ ਸੰਕਲਪ ਨੂੰ ਤੇਜ ਬਹਾਦਰ ਸਪਰੂ ਕਮੇਟੀ ਨੇ ਬਲ਼ ਦਿੱਤਾ ਸੀ। ਓਸ ਵੇਲੇ ਸਿੱਖੀ ਦੇ ਕੱਟੜ ਵਿਰੋਧੀ ਕੌਮਿਊਨਿਸਟ ਵੀ ‘ਸਿੱਖ ਸਟੇਟ’ ਦੇ ਹਾਮੀ ਸਨ ਅਤੇ ਸਿੱਖ-ਵੈਰੀ ਮਹਾਸ਼ਾ ਪ੍ਰੈੱਸ ਨੇ ਏਸ ਨੂੰ ਖ਼ੂਬ ਪ੍ਰਚਾਰਿਆ ਸੀ। 1947 ਤੋਂ ਬਾਅਦ ਓਨ੍ਹਾਂ ਹੀ ਲੋਕਾਂ ਨੇ ਏਸੇ ਸ਼ਬਦ ਨੂੰ ਲੈ ਕੇ ਸਿੱਖਾਂ ਨੂੰ ਵਿਧਾਨ ਘਾੜਨੀ ਸਭਾ ਦੇ ਅੰਦਰ ਅਤੇ ਬਾਹਰ ਪੂਰੇ ਤਾਣ ਨਾਲ ਭੰਡਿਆ ਸੀ। ਜਵਾਹਰ ਲਾਲ ਨਹਿਰੂ ਤਾਂ ਸਿੱਖਾਂ ਦੀ ਪੰਜਾਬੀ ਸੂਬੇ ਦੀ ਸੱਭਿਆਚਾਰਕ ਮੰਗ ਨੂੰ ਵੀ ਖ਼ਾਲਿਸਤਾਨ ਦੀ ਸੰਗਿਆ ਦੇ ਕੇ ਪੰਥ ਉੱਤੇ ਤਾਬੜਤੋੜ ਹਮਲੇ ਕਰਦਾ ਰਿਹਾ। ਇਹਨਾਂ ਹਮਲਿਆਂ ਦਾ ਪੈਂਤੜਾ ਸੰਵਿਧਾਨ ਘੜਦੇ ਸਮੇਂ ਹੀ 25 ਧਾਰਾ ਆਦਿ ਸ਼ਾਮਲ ਕਰ ਕੇ ਲੈ ਲਿਆ ਗਿਆ ਸੀ। ਜੂਨ 1984 ਦੀ ਅਤੇ ਅੱਜ ਦੀ ਹਾਲਤ ਨੂੰ ਜਨਮ ਦੇਣ ਵਾਲੇ ਬੀਜ ਓਦੋਂ ਹੀ ਬੀਜੇ ਜਾ ਚੁੱਕੇ ਸਨ। ਸਿਰਦਾਰ ਦੇ ਤਸੱਵਰ ਵਿੱਚ ਉਹ ਸਮਾਂ ਆ ਗਿਆ ਸੀ ਜਦੋਂ ਏਸ ਸ਼ਬਦ ਦੇ ਚੱਕਰਵਿਊ ਵਿੱਚ ਫ਼ਸਾ ਕੇ ਤਖ਼ਤ ਢਾਏ ਜਾਣੇ ਸਨ ਅਤੇ ਅਨੇਕਾਂ ਨਿਰਦੋਸ਼ ਸਿੱਖਾਂ ਦੇ ਸਾਲਾਂ ਬੱਧੀ ਮੁਤਵਾਤਰ ਕਤਲ ਹੋਣੇ ਸਨ। ਅੱਜ ਵੀ ਸਾਲ ਵਿੱਚ ਘੱਟੋ ਘੱਟ ਦੋ ਵਾਰੀ ਦੇਸ਼ ਦੀ ਏਕਤਾ-ਅਖੰਡਤਾ ਨੂੰ ਬਰਕਰਾਰ ਰੱਖਣ ਦੇ ਬਹਾਨੇ ਸੈਂਕੜੇ ਨਿਰਦੋਸ਼ ਸ਼ਰਧਾਵਾਨ ਗੁਰਸਿੱਖ ਗ੍ਰਿਫ਼ਤਾਰ ਕੀਤੇ ਜਾਂਦੇ ਹਨ ਅਤੇ ਕਈ ਸਾਲ ਜੇਲ੍ਹਾਂ ਆਦਿ ਵਿੱਚ ਖੱਜਲ-ਖੁਆਰ ਕਰ ਕੇ, ਕਈ ਵਾਰ ਨਕਾਰਾ ਕਰ ਕੇ ਅਤੇ ਹਰ ਵਾਰ ਸਧਾਰਣ ਸਮਾਜਕ ਜੀਵਨ ਬਿਤਾਉਣ ਦੇ ਅਯੋਗ ਬਣਾ ਕੇ ਸੱਤ/ਅੱਠ ਸਾਲ ਬਾਅਦ ਬਰੀ ਕਰ ਦਿੱਤੇ ਜਾਂਦੇ ਹਨ। ਹਰ ਵਾਰ ਖ਼ਾਲਿਸਤਾਨ ਦੇ ਹਾਮੀ ਦੱਸ ਕੇ ਉਹਨਾਂ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ। ਕਈ ਹਾਲਤਾਂ ਵਿੱਚ ਤਾਂ ਜਸਪਾਲ ਸਿੰਘ ਵਰਗੇ ਪੜ੍ਹਨ ਵਾਲੇ ਬੱਚਿਆਂ ਨੂੰ ਕਤਲ ਵੀ ਕੀਤਾ ਜਾਂਦਾ ਹੈ। ਨਿਆਂਪਾਲਿਕਾ ਨੂੰ 7-7 ਸਾਲ ਇਹ ਤੈਅ ਕਰਨ ਉੱਤੇ ਲੱਗ ਜਾਂਦੇ ਹਨ ਕਿ ਘਾਤਕ ਗੋਲ਼ੀ ਪੁਲਸ ਦੀ ਬੰਦੂਕ ਵਿੱਚੋਂ ਹੀ ਚੱਲੀ ਸੀ। ਓਸ ਤਰ੍ਹਾਂ ਹਾਥੀ ਦੇ ਦਿਖਾਉਣ ਵਾਲੇ ਦੰਦਾਂ ਦੀ ਤਰਜ਼ ਉੱਤੇ ਅਦਾਲਤਾਂ ਨੇ ਖ਼ਾਲਿਸਤਾਨ ਦੇ ਹੱਕ ਵਿੱਚ ਪ੍ਰਚਾਰ ਕਰਨਾ ਕਾਨੂੰਨ ਅਨੁਸਾਰ ਦੋਸ਼-ਰਹਿਤ ਠਹਿਰਾਇਆ ਹੋਇਆ ਹੈ। ਏਸੇ ਭ੍ਰਾਂਤੀ ਨੂੰ ਸਿੱਖ ਨਸਲਕੁਸ਼ੀ ਦਾ ਧੁਰਾ ਬਣਾਇਆ ਜਾਂਦਾ ਹੈ। ਸਿਰਦਾਰ ਏਸ ਚੱਕਰਵਿਊ ਦੀ ਸ਼ੁਰੂਆਤ ਤੋਂ ਹੀ ਇਸ ਦਾ ਭੇਤ ਪਾ ਚੁੱਕਿਆ ਸੀ।

ਓਸ ਤੋਂ ਬਾਅਦ ਬੜਾ ਕੁਝ ਵਾਪਰਿਆ। ਦਰਿਆਈ ਪਾਣੀ ਖੋਹ ਕੇ ਪੰਜਾਬ ਨੂੰ ਬੰਜਰ ਬਣਾਉਣ ਦੀ ਕਮੀਨੀ ਸਾਜ਼ਿਸ਼ ਰਚੀ ਗਈ। ਧਰਮ-ਨਿਰਪੱਖਤਾ ਦਾ ਮਖੌਟਾ ਉਤਾਰ ਕੇ ਹਿੰਦੂਤਵ ਦਾ ਲਬਾਦਾ ਐਲਾਨੀਆ ਓਢਿਆ ਗਿਆ। ਪ੍ਰਭੂ ਬਨਾਮ ਕੁੰਤੇ ਦੇ ਮੁਕੱਦਮੇ ਵਿੱਚ 11 ਦਸੰਬਰ 1995 ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਰਾਹੀਂ ਹਿੰਦੂਤਵ ਨੂੰ ਕਾਨੂੰਨੀ ਪ੍ਰਚਾਰਨ, ਗਲ਼ੇ ਲਾਉਣ ਦੀ ਆਗਿਆ ਦਿੱਤੀ ਗਈ। ਇਹ ਫ਼ੈਸਲਾ ਅੱਜ ਦੂਜੀਆਂ ਕੌਮਾਂ ਅਤੇ ਘੱਟਗਿਣਤੀਆਂ ਦੇ ਘਾਣ ਦਾ ਨੀਂਹ-ਪੱਥਰ ਬਣਿਆ ਹੋਇਆ ਹੈ। ਸੰਵਿਧਾਨਕ ਧਰਮ-ਨਿਰਪੱਖਤਾ, ਜਮਹੂਰੀਅਤ ਦੇ ਜੜ੍ਹੀਂ ਤੇਲ ਦੇਣ ਵਾਲਾ ਇਹ ਫ਼ੈਸਲਾ ਚਾਣੱਕਯ ਅਖਵਾਉਂਦੇ ਕੌਂਗਰਸੀ ਨਰਸਿਮਹਾਂ ਰਾਉ ਦੇ ਪ੍ਰਧਾਨ ਮੰਤਰੀ ਹੁੰਦਿਆਂ ਆਇਆ। ਅਜਿਹਾ ਇੱਕ ਅਦਾਲਤੀ ਫ਼ੈਸਲਾ ਸਜ਼ਾਏ ਮੌਤ ਸਬੰਧੀ ਹੈ ਜਿਸ ਰਾਹੀਂ ਕਾਨੂੰਨ ਘੜਿਆ ਗਿਆ ਕਿ ਬਹੁਗਿਣਤੀ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਉਣ ਵਾਲੇ ਅਪਰਾਧ ਲਈ ਸਜ਼ਾਏ ਮੌਤ ਲਾਜ਼ਮੀ ਹੈ। ਸਿਆਸੀ ਹਾਲਤ ਦੇ ਪਲਟਣ ਨਾਲ ਹਿੰਦ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੇ ਰਾਹੋਂ ਸਭ ਕਾਨੂੰਨੀ ਅੜਚਨਾਂ ਦੂਰ ਹੋ ਚੁੱਕੀਆਂ ਹਨ। ਜੋ ਕੁਝ ਵੀ ਹਿੰਦ ਦੀ ਸੱਭਿਅਤਾ ਵਿੱਚ ਮਾਣ ਕਰਨ ਯੋਗ ਸੀ, ਤੇਜ਼ੀ ਨਾਲ ਤਬਾਹੀ ਵੱਲ ਵਧ ਰਿਹਾ ਹੈ। ਅਫ਼ਸੋਸ! ਕਿ ਸਾਡੇ ਚਿੰਤਕਾਂ ਨੇ ਏਸ ਹਾਲਤ ਦਾ ਅਜੇ ਮੁਲਾਂਕਣ ਤੱਕ ਨਹੀਂ ਕੀਤਾ, ਬੇੜਾ ਬੰਨ੍ਹਣ ਦੀ ਗੱਲ ਤਾਂ ਦੂਰ ਦੀ ਹੈ।

ਅੱਜ ਵਰਗੀਆਂ ਹਾਲਤਾਂ ਨੂੰ ਨਜਿੱਠਣ ਦੀ ਵਿਧੀ ਸਿਰਦਾਰ ਨੂੰ ਪੁੱਛੀ ਤਾਂ ਓਸ ਦੀ ਸਲਾਹ ਸੀ: ‘ਹਰ ਹੀਲਾ-ਵਸੀਲਾ ਅਪਣਾ ਕੇ ਸਿੱਖੀ ਦੇ ਸਦੀਆਂ ਤੋਂ ਸੋਧੇ ਬੀਜ ਨੂੰ ਸੰਭਾਲਣ ਵੱਲ ਸਾਰਾ ਸਮਾਂ ਲਾਉਣਾ। ਕਲਗ਼ੀਧਰ ਦੇ ਬਹੁੜਨ ਤੱਕ, ਜ਼ਮਾਨੇ ਦੀ ਰੌਂਅ ਬਦਲਣ ਤੱਕ ਹੌਂਸਲਾ ਕਰ ਕੇ ਸਿੱਖੀ ਨਾਲ ਡਟ ਕੇ ਖੜ੍ਹੇ ਰਹਿਣਾ।’ ਏਹੋ ਗੁਰੂ ਗ੍ਰੰਥ ਦਾ ਉਪਦੇਸ਼ ਵੀ ਹੈ: “ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ”। ਸਿੱਖੀ ਨਾਲ ਖੜ੍ਹਨ ਦਾ ਪ੍ਰਣ ਸਿਰਦਾਰ ਨੇ ਖ਼ਾਲਸੇ ਦਾ ਸਰਵੋਤਮ ਕਰਮ ਜਾਣ ਕੇ ਨਿਭਾਇਆ।

ਅੰਤਲੇ ਦਿਨਾਂ ਵਿੱਚ, ਅਨੇਕ ਬੌਧਿਕ ਜੰਗਾਂ ਦੇ ਅਜਿੱਤ ਜਰਨੈਲ ਕਪੂਰ ਸਿੰਘ ਨੂੰ ਕਈ ਨਾਮੁਰਾਦ ਰੋਗਾਂ ਨੇ ਆ ਘੇਰਿਆ। ਭਾਰਤੀ ਫ਼ੌਜਾਂ ਨੇ ਗੁਰੂ-ਦਰਬਾਰ ਉੱਤੇ ਹਮਲਾ ਕਰ ਕੇ, ਹਜ਼ਾਰਾਂ ਬੇਗੁਨਾਹਾਂ ਦਾ ਕਤਲੇਆਮ ਕਰ ਕੇ, ਦਰਬਾਰ ਵਿੱਚ ਅਨੇਕਾਂ ਹੋਰ ਕੁਕਰਮ ਕਰ ਕੇ ਨਿਢਾਲ ਸਿਰਦਾਰ ਨੂੰ ਸਭ ਤੋਂ ਵੱਡੀ ਸੱਟ ਮਾਰੀ। ਨਿਰਦੋਸ਼ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਕਤਲ ਨੇ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਨ-ਭੇਂਟ ਕਰਨ ਦੇ ਹਿੰਦੂਤਵੀ ਹੈਂਕੜ ਭਰੇ ਰਵੱਈਏ ਨੇ ਵੀ ਓਸ ਨੂੰ ਜੀਵਨ ਤੋਂ ਉਪਰਾਮ ਕਰਨ ਵਿੱਚ ਵੱਡਾ ਹਿੱਸਾ ਪਾਇਆ। ਅੰਤ 13 ਅਗਸਤ 1985 ਦੇ ਦਿਨ ਓਸ ਦੀ ਥੱਕੀ ਕਾਇਆਂ ਨੇ ਸਾਰਾ ਸਫ਼ਰ ਮੁਕਾ ਕੇ ਆਖ਼ਰੀ ਸਾਹ ਲਿਆ। ਸਾਰੇ ਗਵਨ ਮਿਟ ਗਏ; ਦਸਮੇਸ਼ ਦੀ ਗੋਦੀ ਵਿੱਚ ਮਹਾਂ ਸਿੰਘ ਵਾਂਗ ਸਿਰ ਰੱਖ ਕੇ ਉਹ ਸਦਾ ਦੀ ਨੀਂਦ ਸੌਂ ਗਿਆ। ‘ਜਲ਼, ਜਲ਼ ਵਿੱਚ ਵਿਲੀਨ ਹੋ ਗਿਆ; ਜੋਤ, ਜੋਤੀ ਵਿੱਚ ਸਮਾ ਗਈ।’ ਜੋ ਬੌਧਕ ਵਿਰਸਾ ਇਹ ਮਹਾਂ-ਮਾਨਵ ਛੱਡ ਗਿਆ ਉਹ ਕਿਸੇ ਚੰਗੀ, ਤਕੜੀ ਯੂਨੀਵਰਸਿਟੀ ਦੇ ਕੰਮ ਦੇ ਹਾਣ ਦਾ ਹੈ।

ਅੱਜ ਦੇ ਦਿਨ ਸੋਚਣਾ ਬਣਦਾ ਹੈ ਕਿ ਅਸੀਂ ਤਿੰਨ ਦਹਾਕੇ ਬੀਤਣ ਤੋਂ ਬਾਅਦ ਵੀ ਸਿਰਦਾਰ ਕਪੂਰ ਸਿੰਘ ਦੀ ਢੁਕਵੀਂ ਯਾਦਗਾਰ ਕਿਉਂ ਨਹੀਂ ਬਣਾ ਸਕੇ?



Back    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।