Singh Sabha-U.S.A.
Articles

੧੫ ਅਗੱਸਤ ਹੈ ਅੱਜ, ਯਾਣੀ ਅਜਾਦੀ?
Aug 15,2017
(ਗੁਰਦੇਵ ਸਿੰਘ ਸੱਧੇਵਾਲੀਆ)

 

ਅੱਜ ੧੫ ਅੱਗਸਤ ਹੈ ਯਾਣੀ ਅਜਾਦੀ ਦਾ ਦਿਨ! ਮੁਬਾਰਕਾਂ ਹੋਣ ਬਈ! ਪਰ ਕਿੰਨਾ ਨੂੰ? ਅਬਾਨੀਆਂ, ਅਦਾਨੀਆਂ, ਬਿਰਲਿਆਂ, ਟਾਟਿਆਂ, ਬਾਟਿਆਂ ਨੂੰ? ਉਨ੍ਹਾਂ ਲਈ ਅਜਾਦੀ ਦਾ ਦਿਨ ਹੈ ਸਹੀ ਅਰਥਾਂ ਵਿਚ! ਉਨ੍ਹਾਂ ਲਈ ਵੀ ਜਿੰਨਾ ਦੇ ਨੋਟ ਬੱਕਰੀ ਨਹੀ ਚਰਦੀ ਤੇ ਹਾਰ ਕੇ ਉਹ ਸਾਰਾ ਪੈਸਾ ਕਾਲਾ ਕਰਕੇ ਉਨ੍ਹਾਂ ਨੂੰ ਸਵਿੱਸ ਬੈਕਾਂ ਵਿਚ ਤੂੜਨਾ ਪਿਆ? ਜਿੰਨਾ ਦੇ ਸਰ੍ਹਾਣਿਆਂ ਵਿਚੋਂ ਹੀ ਕ੍ਰੋੜਾਂ ਨਿਕਲਦੇ। ਮਦਾਰੀ ਦੇ ਹੱਥ ਮਾਰਨ ਵਾਂਗ ਅੱਗੋ, ਪਿੱਛੋਂ, ਹੇਠੋਂ, ਉੱਤੋਂ ਯਾਣੀ ਜਿਥੇ ਹੱਥ ਮਾਰੋ ਉਥੋਂ ਹੀ ਨੋਟ! ਜਿਹੜੇ ਨੋਟ ਗਿਣਦੇ ਗਿਣਦੇ ਖੁਦ ਹੀ 'ਲੋਟ' ਹੋ ਗਏ!
ਅਜਾਦੀ? ਉਨ੍ਹਾਂ ਸਾਰੇ ਚੋਰਾਂ ਦੀ ਅਜਾਦੀ ਜਿਹੜੇ ਤੋਪਾਂ, ਤਬੂਤ, ਯੂਰੀਆ, ਚਾਰਾ, ਸੜਕਾਂ, ਪੁੱਲ ਸਭ ਖਾ ਗਏ! ਪੂਰੇ ਬੰਦੇ ਹੀ ਖਾ ਗਏ? ਢੇਰਾਂ ਦੇ ਢੇਰ ਬੰਦੇ ਖਾ ਗਏ! ਬੰਦੇ ਖਾਣੇ ਮਾਨਵ? ਹਾਜਮੇ ਦੇਖੋ ਇਨ੍ਹਾਂ 'ਮਾਨਵਾਂ' ਦੇ ਕਿ ਡਕਾਰ ਵੀ ਨਹੀ ਮਾਰਦੇ ਬੰਦੇ ਖਾ ਕੇ! ਮਾਰਦੇ?
ਗਰੀਬ ਹੱਥੋਂ ਸੁੱਕਾ ਟੁੱਕਰ ਵੀ ਖੋ ਲਿਆ ਇਨ੍ਹਾਂ! ਪੀਣ ਵਾਲਾ ਪਾਣੀ ਤੇ ਸਿਰ ਤੋਂ ਛੱਤ! ਤਨ ਦੇ ਕੱਪੜੇ ਤੇ ਮਰਿਆਂ ਦੇ ਕਫਣ? ਸਭ ਲੈ ਗਏ ਲਾਹ ਕੇ ਮੁਲਖ ਤੋਂ! ਨੰਗਾ ਕਰਤਾ ਪੂਰਾ ਮੁਲਖ ਏਸ ਅਜਾਦੀ ਵਾਲਿਆਂ! ਨੰਗਾ ਘੁੰਮ ਰਿਹੈ ਪੂਰਾ ਮੁਲਖ ਹੱਥ ਵਿਚ 'ਸ਼ਾਈਨ ਇੰਡੀਆ' ਦਾ ਛੁਣਛੁਣਾ ਫੜੀ?


ਅਜਾਦੀ ਮੋਦੀ ਵਰਗਿਆਂ ਦੀ ਜਿਹੜੇ ਹੱਗਦੇ ਵੀ ਬਦਲਾਂ 'ਚ ਜਾ ਕੇ ਤੇ ਰਹਿੰਦੇ ਵੀ ਅਸਮਾਨਾ ਵਿਚ! ਜਿੰਨਾ ਦੇ ਕੋਟ-ਐਕਚਨਾ ਹੀ ਪਤਾ ਨਹੀ ਕਿਥੋਂ ਬਣ ਬਣ ਆਉਂਦੀਆਂ! ਜਿੰਨਾ ਗਰਭਵਤੀ ਔਰਤਾਂ ਦੇ ਪੇਟਾਂ ਵਿਚੋਂ ਬੱਚੇ ਵੀ ਕੱਢ ਲਏ ਜਿਬ੍ਹਾ ਕਰਨ ਲਈ ਪਰ ਫਿਰ ਵੀ ਪਵਿੱਤਰ ਦੇ ਪਵਿਤਰ? ਅਜਾਦੀ ਅੰਬਾਨੀਆਂ ਦੀ ਜਿੰਨਾ ਦੀਆਂ ਔਰਤਾਂ ਦੀ ੧੬ ੧੬ ਕ੍ਰੋੜ ਦੀ ਸਾੜੀ ਤੇ ਅਰਬਾਂ ਰੁਪਈਏ ਜਿੰਨਾ ਦੀ ਚਾਰ ਗਿੱਠ ਦੇਹ ਨੂੰ ਸੰਵਾਰਨ ਤੇ ਲੱਗਦੇ!


ਜਸ਼ਨ ਹੋਣਗੇ ਅਜਾਦੀ ਦੇ ਬਈ ਅੱਜ! ਆਉ ਸਾਡੇ ਜਸ਼ਨਾ ਵਿਚ ਸ਼ਰੀਕ ਹੋਵੋ ਉਹ ਵੀ ਹੋਵੋ ਜਿੰਨਾ ਦੀਆਂ ਕੁੜੀਆਂ ਸੜਕਾਂ ਤੇ ਨੰਗੀਆਂ ਕਰ ਕਰ ਰੇਪ ਕੀਤੇ ਅਸੀਂ। ਜਿੰਨਾ ਦੇ ਖੂਨ ਦੇ ਧੱਬੇ ਪੰਜਾਬ ਦੀਆਂ ਕੰਧਾਂ ਤੋਂ ਹਾਲੇ ਤੱਕ ਨਹੀ ਸੁੱਕੇ। ਜਿੰਨਾ ਦੇ ਸਿਵੇ ਹਾਲੇ ਤੱਕ ਮੱਘ ਰਹੇ ਨੇ। ਰੋਹੀਆਂ-ਨਹਿਰਾਂ ਤੇ ਲਿਜਾ ਕੇ ਵਿਸ਼ਾਈਆਂ ਲਵਾਰਸ ਲਾਸ਼ਾਂ ਜਿੰਨਾ ਦੀਆਂ ਹਾਲੇ ਤੱਕ ਨਹੀ ਲੱਭੀਆਂ।


ਅਜਾਦੀ ਭੋਜ ਕੀਤਾ ਜਾਵੇਗਾ। ਤੁਹਾਡੀਆਂ ਮੂਰਤਾਂ ਲਾਈਆਂ ਜਾਣਗੀਆਂ ਅਖ਼ਬਾਰਾਂ ਵਿਚ ਸਲੂਟ ਮਾਰਦਿਆਂ ਦੀਆਂ ਕਿ ਆਹ ਦੇਖੋ ਉਹ ਬੇਗੈਰਤ ਜਿਹੜੇ ਬੇਇੱਜਤੀ ਨੂੰੰ ਗੰਗਾ ਜਲ ਵਾਂਗ ਪਵਿੱਤਰ ਸਮਝ ਕੇ ਪੀਂਦੇ ਨੇ। ਪੇਜਾਂ ਵਾਲੀਆਂ ਦਸਤਾਰਾਂ ਬੰਨੀ, ਉਪਰ ਚੱਕਰ ਲਾ ਕੇ ਸਭ ਤੋਂ ਮੂਹਰੇ ਸਲੂਟ ਮਾਰਨ ਵਾਲੇ ਪਛਾਣੋ ਭਲਾ ਕੌਣ ਨੇ? ਉਨਹਾਂ ਵਿਚੋਂ ਹੀ ਤਾਂ ਨਹੀ ਜਿੰਨਾ ਦੀਆਂ ਅਸੀਂ ਇਸੇ ਅਜਾਦੀ ਹੇਠ ਹਾਲੇ ਕੱਲ ਦਾਹੜੀਆਂ ਪੁੱਟੀਆਂ ਸਨ?


ਅਜਾਦੀ ਹੈ ਜੀ ਅੱਜ! ਜਸ਼ਨਾ ਦਾ ਦਿਨ? ਖੂਭ ਮਨਾਓ ਅਜਾਦੀ! ਪਰ ਰੁੱਖ ਨਾਲ ਰਸਾ ਬੰਨ ਰਹੇ ਕਿਸਾਨ ਨੂੰ ਵੀ ਪੁੱਛ ਦੇਖਦੇ ਕਿ ਅਜਾਦੀ ਕਿਸ ਮਾਸੀ ਦਾ ਨਾਂ ਹੈ! ਝੁੱਗੀਆਂ ਵਿਚ ਗੰਦੀ ਨਾਲੀ ਦੇ ਕੀੜਿਆਂ ਵਾਂਗ ਕੁਰਬਲ ਕੁਰਬਲ ਕਰਦੇ ਫਿਰਦੇ ਮਸੂਮਾਂ ਵੰਨੀ ਵੀ ਦੇਖ ਲੈਂਦੇ ਕਿ ਅਜਾਦੀ ਕਿਥੇ ਹੈ! ਭੁੱਖੀ ਮਾਂ ਦੇ ਸੁੱਕੇ ਥਣ ਨਾਲ ਚਿੰਬੜੇ ਕਿਸੇ ਬਾਲ ਦੀਆਂ ਅੱਖਾਂ ਵਿਚੀਂ ਲੱਭ ਸਕਦੇ ਹੁੰਦੇ ਤੇ ਪੁੱਛ ਸਕਦੇ ਹੁੰਦੇ ਰਾਜਨੀਤਕ ਗੁੰਡਿਆਂ ਨੂੰ ਕਿ ਅਜਾਦੀ ਇਥੇ ਤਾਈਂ ਕਿਉਂ ਨਾ ਪਹੁੰਚੀ ।


ਇਸ ਅਜਾਦੀ ਦੀ ਲੰਮੀ ਦਾਸਤਾਂ ਹੈ ਭਰਾਵੋ। ਬੜੇ ਜ਼ਖਮ ਦਿੱਤੇ ਹਨ ਏਸ ਅਜਾਦੀ ਨੇ ਮਾਨਵਿਤਾ ਨੂੰ। ਬੜੀਆਂ ਮਾਵਾਂ ਦੀਆਂ ਆਹਾਂ ਦੱਬੀਆਂ ਪਈਆਂ ਇਸ ਅਜਾਦੀ ਦੀ ਕਬਰ ਹੇਠ। ਇਸ ਅਜਾਦੀ ਦਾ ਖੂੰਖਾਰ ਚਿਹਰਾ ਬੇਗੈਰਤਾਂ ਦੀਆਂ ਪਰਤਾਂ ਹੇਠ ਲੁੱਕਾ ਦਿੱਤਾ ਗਿਆ ਹੈ ਜਿਹੜੇ ਅੱਗੇ ਵੱਧ ਵੱਧ ਕੇ ਸਲੂਟ ਮਾਰਦੇ ਅਤੇ ਇੱਕ ਮੁਰਗੇ ਦੀ ਪਲੇਟ ਅਤੇ ਦੋ ਮੁਫਤੇ ਪੈੱਗਾਂ ਖਾਤਰ ਸਭ ਹੋਈ ਕੁੱਤੇਖਾਣੀ ਭੁਲਾ ਕੇ ਵਧਾਈਆਂ ਦੇਣ ਵਾਲਿਆਂ ਵਿਚ ਸਭ ਤੋਂ ਅੱਗੇ ਹੋਣਗੇ!


ਪਰ ਭਾਈ ਅੱਜ ਅਜਾਦੀ ਹੈ ਆਉ ਜਸ਼ਂਨ ਮਨਾਓ ਸਾਡੇ ਨਾਲ ਰਲਕੇ ਅਤੇ ਅਪਣੀ ਬੇਗੈਰਤੀ ਦਾ ਪੱਕਾ ਸਬੂਤ ਦਿਓ! ਨਹੀ?


-ਗੁਰਦੇਵ ਸਿੰਘ ਸੱੱਧੇਵਾਲੀਆBack    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।