Singh Sabha-U.S.A.
Articles

ਗੁਰਬਾਣੀ 'ਚ 'ਸੰਤ' ਪਦ ਦੀ ਵਰਤੋਂ ਅਤੇ ਸਮੀਖਿਆ
Aug 14,2017
(ਹਰਜਿੰਦਰ ਸਿੰਘ ´ਘੜਸਾਣਾ´)

 

ਗੁਰਬਾਣੀ ਵਿੱਚ 'ਸੰਤ' ਪਦ ਕਈ ਰੂਪਾਂ ਦੇ ਅੰਤਰ ਨਾਲ ਪ੍ਰਯੋਗ ਹੋਇਆ ਹੈ।ਸੰਬੰਧਤ ਸ਼ਬਦ ਗੁਰਬਾਣੀ ਵਿੱਚ ਤਕਰੀਬਨ 5 ਅਰਥ-ਭਾਵ ਅਧੀਨ ਵਰਤਿਆ ਗਿਆ ਹੈ,ਸੋ ਸੰਬੰਧਤ ਸ਼ਬਦ ਦੇ ਰੂਪ,ਅਰਥ,ਬਣਤਰ ਬਾਰੇ ਕ੍ਰਮ-ਵਾਰ ਸਮਝੱਣ ਦਾ ਯਤਨ ਕਰਦੇ ਹਾਂ
ਸਮੱਗਰ ਗੁਰਬਾਣੀ ਦੀ ਲ਼ਿਖਤ 'ਚ 'ਸੰਤੁ'ਪਦ ੪੮ ਵਾਰ ਇਸ ਰੂਪ ਵਿੱਚ ਦਰਜ਼ ਹੋਇਆ ਮਿਲਦਾ ਹੈ।ਸੰਬੰਧਤ ਸ਼ਬਦ ਦਾ ਅਰਥ-ਭਾਵ ਸਮੱਝਣ ਤੋਂ ਪਹਿਲਾਂ,ਸਾਨੂੰ ਗੁਰਬਾਣੀ ਦੀ ਲਿਖਣ-ਵਿਧੀ ਤੋਂ ਵਾਕਫ਼ ਹੋਣਾ ਜ਼ਰੂਰੀ ਹੈ,ਫਿਰ ਹੀ ਸ਼ੁੱਧ ਅਰਥ ਦੀ ਪ੍ਰਾਪਤੀ ਸੰਭਵ ਹੈ।ਗੁਰਬਾਣੀ ਦੀ ਲਿਖਣ-ਵਿਧੀ ਦਾ ਇਹ ਖਾਸ ਨਿਯਮ ਹੈ ਕਿ ਕਿਸੇ ਸੰਗਿਆ-ਵਾਚੀ ਲਫਜ਼ ਦੇ ਅੰਤ ਆਇਆ ਉਕਰਾਂਤ (ਔਂਕੜ) ਇਕਵਚਨ ਦਾ ਸੂਚਕ ਹੁੰਦਾ ਹੈ।ਜਦੋਂ ਔਂਕੜ ਲੱਥ ਜਾਏ ਤਾਂ ਉਹ ਲਫਜ਼ ਬਹੁਵਚਨ ਦਾ ਸੂਚਕ ਹੋ ਜਾਂਦਾ ਹੈ ਜਾਂ ਔਂਕੜ ਲਥੱਣ ਦਾ ਕਾਰਣ ਸੰਬੰਧਕ ਪਦ ਭੀ ਹੋ ਸਕਦਾ ਹੈ।ਗੁਰਬਾਣੀ ਲਿਖਤ ਵਿੱਚ ਉਕਤ ਸ਼ਬਦ ਅੰਤ ਔਂਕੜ ਨਾਲ ਪੁਲਿੰਗ ਨਾਂਵ ਇਕਵਚਨ ਦਾ ਸੂਚਕ ਹੈ,ਜਿਸ ਦਾ ਅਰਥ ਪ੍ਰਕਰਣ ਅਧੀਨ 'ਪਰਮਾਤਮਾ,ਗੁਰੂ,ਗੁਰਮੁੱਖ'ਬਣਦਾ ਹੈ ਜਿਵੇਂ :

 

"ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ - ਮਾਝ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੯੭

"ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ - ਮਾਝ ਬਾਰਹਮਾਹਾ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੧੩੪

ਵਿਸਥਾਰ ਦੇ ਡਰ ਕਾਰਣ ਅਸਾਂ ਕੇਵਲ ਦੋ ਪੰਗਤੀਆਂ ਹੀ ਲਈਆਂ ਹਨ,ਇਹਨਾ ਦੁਪੰਗਤੀਆਂ ਵਿੱਚ 'ਸੰਤ' ਪਦ ਦੇ ਅਰਥ ਗੁਰਬਾਣੀ ਦੀ ਲਿਖਣ-ਸ਼ੈਲੀ ਅਤੇ ਪ੍ਰਕਰਣ ਅਨੁਸਾਰ 'ਪਰਮਾਤਮਾ,ਹਰੀ,ਵਾਹਿਗੁਰੂ' ਹਨ।ਪਹਿਲੀ ਪੰਗਤੀ ਵਿੱਚ 'ਗੁਰਿ' ਸ਼ਬਦ ਨਾਂਵ ਕਰਤਾ ਕਾਰਕ ਸੰਬੰਧਕੀ ਰੂਪ ਦਾ ਵਾਚੀ ਹੈ ਜਿਸ ਦਾ ਅਰਥ ਬਣੇਗਾ 'ਗੁਰੂ ਨੇ'।'ਸੰਤੁ' ਸ਼ਬਦ ਭੀ ਕਰਤਾ ਕਾਰਕ ਸਧਾਰਨ ਰੂਪ ਵਿੱਚ ਹੋਣ ਕਾਰਣ ਅਰਥ ਹੋਵੇਗਾ 'ਪਰਮਾਤਮਾ ਸੰਤ'।ਇਹੀ ਨਿਯਮ ਦੂਜ਼ੀ ਪੰਗਤੀ 'ਤੇ ਲਾਗੂ ਹੁੰਦੇ ਹਨ।ਉਕਤ ਪੰਗਤੀਆਂ ਦੇ ਅਰਥ ਗੁਰਬਾਣੀ ਦੀ ਲਿਖਣ ਨਿਯਮਾਂਵਲੀ ਅਨੁਸਾਰ ਇਸ ਤਰ੍ਹਾਂ ਬਣਦੇ ਹਨ:

" ਮੇਰੇ ਭਾਗ ਜਾਗ ਪਏ,ਕਿਸਮੱਤ ਖੁੱਲ ਗਈ,ਕਿਉਂਕਿ ਗੁਰੂ ਨੇ ਮੈਨੂੰ ਅਬਿਨਾਸ਼ੀ ਪ੍ਰਭੂ ਮਿਲਾ ਦਿੱਤਾ।

" ਇਸ ਨਿਮਾਣੀ ਜਿੰਦ ਨੂੰ ਵੈਸਾਖ ਮਹੀਨਾ ਫਿਰ ਹੀ ਸੁਹਾਵਣਾ ਲਗਦਾ ਹੈ,ਜਦੋਂ ਹਰੀ ਸੰਤ ਦਾ ਮਿਲਾਪ ਹੋ ਜਾਏ।

ਉਕਤ ਪੰਗਤੀਆਂ ਵਿੱਚ ਆਏ 'ਸੰਤ' ਪਦ ਦਾ ਅਰਥ ਕੋਈ ਸਰੀਰਧਾਰੀ ਮਨੁੱਖ ਕਰਨਾ ਬਿਲਕੁਲ ਨਿਰਾਰਥਕ ਅਤੇ ਅਗਿਆਨਤਾ ਦੀ ਨਿਸ਼ਾਨੀ ਹੈ।

ਗੁਰਬਾਣੀ ਵਿੱਚ 'ਸੰਤ' ਪਦ ਦੀ ਵਰਤੋਂ ਪਹਿਲੇ ਅਰਥ ਅਧੀਨ 'ਪਰਮਾਤਮਾ' ਲਈ ਹੋਈ ਹੈ,ਇਸ ਨਾਲ ਸੰਬੰਧਤ ਪ੍ਰਮਾਣ ਹੋਰ ਸਾਂਝੇ ਕਰਨੇ ਮੁਨਾਸਬ ਹੋਣਗੇ:

"ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥ - ਆਸਾ (ਭ ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੪੭੬

"ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥ - ਰਾਮਕਲੀ ਕੀ ਵਾਰ:੨ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੯੫੮

ਸੰਤੁ -{ਪੁਲਿੰਗ ਨਾਂਵ ਇਕਵਚਨ} ਵਾਹਿਗੁਰੂ,ਪਰਮਾਤਮਾ।

ਸੰਤੁ ਪਦ ਗੁਰੂ ਦਾ ਵਾਚੀ ਭੀ ਹੈ,ਜਿਸ ਦੇ ਬੇਅੰਤ ਪ੍ਰਮਾਣ ਗੁਰਬਾਣੀ ਵਿੱਚ ਮਿਲਦੇ ਹਨ,ਅਸੀਂ ਕੇਵਲ ਦੋ ਪ੍ਰਮਾਣ ਹੀ ਲਵਾਂਗੇ :

"ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ - ਮਾਝ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੯੬

"ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥ - ਗਉੜੀ ਸੁਖਮਨੀ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੨੭੯

ਸੰਬੰਧਤ ਦੁਪੰਗਤੀਆਂ ਵਿੱਚ 'ਸੰਤ' ਸ਼ਬਦ ਦਾ ਅਰਥ ਹੈ 'ਗੁਰੂ'।ਜਿਵੇਂ ਅਸਾਂ ਪਹਿਲਾਂ ਸਮਝਿਆ ਹੈ ਕਿ ਗੁਰਬਾਣੀ ਦੀ ਲਿਖਣ ਨਿਯਮਾਂਵਲੀ ਅਨੁਸਾਰ ਔਂਕੜ ਇੱਕਵਚਨ ਦਾ ਸੂਚਕ ਹੁੰਦਾ ਹੈ,ਪਰ ਇਥੇ ਔਂਕੜ ਨਾ ਆਉਣ ਦਾ ਕਾਰਣ ਸੰਬੰਧਕੀ ਪਦ 'ਦੇ','ਦੀ' ਹੈ।ਭਾਵ ਇਹ ਸ਼ਬਦ ਸੰਬੰਧ ਕਾਰਕ ਵਿੱਚ ਹਨ। ਇਸ ਵਾਕ-ਅੰਸ਼ ਅਧੀਨ ਪੰਗਤੀਆਂ ਦੇ ਅਰਥ ਪ੍ਰਕਰਣ ਅਨੁਸਾਰ ਇਉਂ ਬਨਣਗੇ:

"ਮੈਂ ਪਿਆਰੇ ਗੁਰੂ ਸੰਤ ਦਰਸ਼ਣ ਤੋਂ ਕੁਰਬਾਨ ਜਾਂਦਾ ਹੈ।

"ਜੋ ਮਨੁੱਖ ਗੁਰੂ ਸੰਤ ਦੀ ਸ਼ਰਣ ਪੈਂਦਾ ਹੈ,ਉਹ ਵਿਕਾਰਾਂ ਤੋਂ ਬਚ ਜਾਂਦਾ ਹੈ।

ਗੁਰੂ ਦੇ ਅਰਥਾਂ ਵਿੱਚ ਇਹ ਪਦ 'ਸੰਤੁ' ਇਸ ਰੂਪ 'ਚ ਭੀ ਆਉਂਦਾ ਹੈ,ਕਈ ਵਾਰ ਅੰਤ ਮੁਕਤਾ ਹੋਣ ਦਾ ਕਾਰਣ ਉਪੱਰ ਸਾਂਝਾ ਕੀਤਾ ਜਾ ਚੁਕਾ ਹੈ।ਇੱਥੇ ਨਾਲ ਲਗਦੇ ਹੱਥ ਵੀਚਾਰ ਕਰਣੀ ਭੀ ਜ਼ਰੂਰੀ ਹੋਵੇਗੀ,ਕਿ ਦੂਜ਼ੀ ਪੰਗਤੀ ਦਾ ਜੋ ਅਸਾਂ ਪ੍ਰਮਾਣ ਲਿਆ ਹੈ ਉਹ ਬਾਣੀ ਸੁੱਖਮਣੀ ਦਾ ੧੩ਵਾਂ ਸਲੋਕ ਹੈ,ਅੱਗੇ ਉਸ ਸਲੋਕ ਦਾ ਹੀ ਸਿਧਾਂਤ ਖੋਲਦੀ ਅਸ਼ਟਪਦੀ ਵਿੱਚ ਭੀ 'ਸੰਤ,ਸੰਤਨ' ਪਦ ਆਏ ਹਨ।ਇਹ ਸਮੁੱਚੀ ਅਸ਼ਟਪਦੀ ਵਿੱਚ ਉਕਤ ਸ਼ਬਦ ਗੁਰੂ ਪ੍ਰਥਾਇ ਹੀ ਹਨ,ਨਾ ਕੇ ਕਿਸੇ ਮਨੁੱਖ ਲਈ।'ਸੰਤਨ' ਪਦ ਜਿੱਥੇ ਗੁਰਬਾਣੀ ਅੰਦਰ ਸਤਸੰਗੀਆਂ ਲਈ ਆਉਂਦਾ ਹੈ,ਉਥੁ ਕਿਤੇ-ਕਿਤੇ ਪ੍ਰਕਰਣ ਅਨੁਸਾਰ ਆਦਰਵਾਚੀ ਬਹੁਵਚਨੀ ਰੂਪ 'ਚ 'ਸਤਿਗੁਰੂ' ਦਾ ਵਾਚੀ ਭੀ ਹੁੰਦਾ ਹੈ ਜਿਵੇਂ :

"ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥ - ਸੋਹਿਲਾ ਗਉੜੀ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੧੩।

ਅਰਥ: ਹੇ ਅੰਤਰਯਾਮੀ ਪਰਮਾਤਮਾ ਜੀ ਨਾਨਕ ਦਾਸ ਤੈਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤ ਸਤਗੁਰੂ ਦੀ ਚਰਨ-ਧੂੜ ਦੇ,ਭਾਵ ਸੰਤ ਸਤਗੁਰੂ ਜੀ ਦਾ ਮਿਲਾਪ ਬਖਸ਼।

ਉਪਰੋਕਤ ਕੀਤੀ ਵੀਚਾਰ ਸਦਕਾ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ 'ਸੰਤ' ਪਦ ਗੁਰਬਾਣੀ 'ਚ 'ਪਰਮਾਤਮਾ'ਅਤੇ ਗੁਰੂ ਪ੍ਰਥਾਇ ਆਉਂਦਾ ਹੈ,ਹੁਣ ਤੀਜੇ ਅਰਥ ਭਾਵ ਵਿੱਚ 'ਸੰਤ'ਪਦ ਦੀ ਵਰਤੋਂ ਬਾਰੇ ਸਮਝੀਏ।

'ਸੰਤ' ਸ਼ਬਦ ਇਸ ਰੂਪ 'ਚ ਗੁਰਬਾਣੀ ਅੰਦਰ ੭੦੪ ਵਾਰ ਦਰਜ਼ ਹੋਇਆ ਮਿਲਦਾ ਹੈ।ਇਹ ਪਦ ਤਕਰੀਬਨ-ਤਕੀਰਬਨ ਬਹੁਵਚਨੀ ਰੂਪ ਵਿੱਚ ਸਤਸੰਗੀ,ਗੁਰਮੁਖਾਂ ਦੇ ਅਰਥ-ਭਾਵ ਵਿੱਚ ਆਇਆ ਹੈ।ਕਿਤੇ-ਕਿਤੇ ਇਕਵਚਨ ਵਿੱਚ ਗੁਰੂ ਪਰਮਾਤਮਾ ਦੇ ਅਰਥ-ਭਾਵ ਵਿੱਚ ਭੀ ਆਉਂਦਾ ਹੈ,ਉਸ ਸਮੇਂ ਔਂਕੜ ਸੰਬੰਧਕ ਕਾਰਣ ਲੱਥੀ ਹੁੰਦੀ ਹੈ:

"ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥ - ਸਿਰੀਰਾਗੁ (ਮ; ੪) ਗੁਰੂ ਗ੍ਰੰਥ ਸਾਹਿਬ - ਅੰਕ ੭੮।

"ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥ - ਰਾਮਕਲੀ ਅਨੰਦ (ਮ; ੩) ਗੁਰੂ ਗ੍ਰੰਥ ਸਾਹਿਬ - ਅੰਕ ੯੧੮।

ਉਪਰੋਕਤ ਪੰਗਤੀਆਂ ਵਿੱਚ 'ਸੰਤ' ਪਦ ਗੁਰਮੁਖਾਂ,ਸਤਸੰਗੀਆਂ ਦਾ ਵਾਚੀ ਹੈ।ਐਸੇ ਗੁਰਮੁਖ ਜੋ ਸਦਾ ਗੁਰੂ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਦੇ ਹਨ।ਇਸੇ ਅਰਥ ਭਾਵ ਵਿੱਚ ਹੀ ਸੰਤਨ ਪਦ ਗੁਰਬਾਣੀ ਵਿੱਚ ਬਹੁਵਚਨੀ ਰੂਪ 'ਚ ਗੁਰਮੁਖਾਂ ਦਾ ਵਾਚੀ ਹੋ ਕੇ ਆਉਂਦਾ ਹੈ ਜਿਵੇਂ :

"ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥ - ਮਾਝ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੧੦੦।

"ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥ - ਸਿਰੀਰਾਗੁ (ਮ; ੫) ਗੁਰੂ ਗ੍ਰੰਥ ਸਾਹਿਬ - ਅੰਕ ੮੦।

ਸੰਤਨ -{ਪੁਲਿੰਗ ਨਾਂਵ ਬਹੁਵਚਨ} ਗੁਰਮੁਖ,ਸਤਸੰਗੀ ਜਨ।

ਚਉਥੇ ਅਰਥ-ਭਾਵ ਵਿੱਚ ਸੰਤ ਪਦ ਦੀ ਵਰਤੋਂ ਗੁਰਬਾਣੀ ਅੰਦਰ ਵਿਅਕਤੀ-ਗਤ ਤੌਰ 'ਤੇ ਹੋਈ ਹੈ,ਭਗਤ ਸਾਹਿਬਾਨ ਕਬੀਰ ਜੀ ਅਤੇ ਭਗਤ ਪ੍ਰਹਿਲਾਦ ਜੀ ਦੇ ਨਾaਂ ਨਾਲ ਵਿਸ਼ੇਸ਼ਣੀ ਤੌਰ 'ਤੇ ਸੰਤ ਪਦ ਪ੍ਰਯੋਗ ਹੋਇਆ ਹੈ ਜਿਵੇਂ :

"ਕਿਆ ਅਪਰਾਧੁ ਸੰਤ ਹੈ ਕੀਨਾ ॥ - ਗੋਂਡ (ਭ ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੮੭੦

"ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥ - ਬਿਲਾਵਲੁ (ਭ ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੮੫੬।

ਇਹ ਦੋਨੋ ਤੁਕਾਂ ਭਗਤ ਕਬੀਰ ਸਾਹਿਬ ਜੀ ਦੀਆਂ ਹਨ, ਇਕ ਗੋਂਡ ਰਾਗ 'ਚੋਂ ਅਤੇ ਦੂਜ਼ੀ ਬਿਲਾਵਲ ਰਾਗ ਵਿੱਚ ਦਰਜ਼ ਹੈ। ਪਹਿਲੀ ਤੁਕ ਵਿੱਚ ਭਗਤ ਕਬੀਰ ਜੀ ਆਪਣੇ ਨਾਉਂ ਨਾਲ ਸੰਤ ਪਦ ਵਰਤਦੇ ਹਨ ਅਤੇ ਦੂਜ਼ੀ ਤੁਕ ਵਿੱਚ ਭਗਤ ਪ੍ਰਹਿਲਾਦ ਦੇ ਨਾਉਂ ਨਾਲ ਸੰਤ ਪਦ ਵਰਤਦੇ ਹਨ।ਇਹ ਦੋਨੋ ਸੰਤ ਪਦ ਵਿਸ਼ੇਸ਼ਣੀ ਤੌਰ 'ਤੇ ਵਰਤੇ ਹਨ।ਭਗਤ ਸਾਹਿਬਾਨ ਉਚੀ ਅਵਸਥਾ ਦੇ ਮਾਲਕ,ਰੱਬੀ ਜੋਤਿ ਨਾਲ ਇਕ-ਮਿਕ ਹੋਣ ਕਾਰਣ ਸੰਤ ਪਦ ਉਹਨਾਂ ਲਈ ਰਾਖਵਾਂ ਹੈ,ਇਸ ਦਾ ਇਹ ਹਰਗਿਜ਼ ਭਾਵ ਨਹੀਂ ਕਿ ਕੋਈ ਮਨੁੱਖ ਆਪਣੇ ਨਾਲ 'ਸੰਤ' ਪਦ ਦੀ ਵਰਤੋਂ ਕਰੇ,ਕਿਉਂਕਿ 'ਖਾਲਸਾ' ਸ਼ਬਦ ਆਪਣੇ ਆਪ 'ਚ ਇੱਕ ਸੰਪੂਰਨ ਵਿਸ਼ੇਸ਼ਣੀ ਸ਼ਬਦ ਹੈ।

ਗੁਰਬਾਣੀ ਵਿੱਚ ਪੰਜਵੇਂ ਅਰਥ-ਭਾਵ ਅਧੀਨ 'ਸੰਤ' ਪਦ ਦੀ ਵਰਤੋਂ ਉਹਨਾ ਮਨੁੱਖਾਂ ਲਈ ਹੋਈ ਹੈ,ਜੋ ਧਰਮ ਦਾ ਪਹਿਰਾਵਾ ਪਾ ਕੇ ਸਮਾਜ ਦਾ ਆਰਥਿਕ,ਸਮਾਜਿਕ,ਵਿਦਿਅਕ ਸ਼ੋਸ਼ਣ ਕਰਦੇ ਹਨ,ਗੁਰਬਾਣੀ ਦੇ ਮਨ-ਘੜਤ ਅਰਥ ਕਰਕੇ ਸਿੱਖ-ਸੰਗਤਾਂ ਨੂੰ ਗੁੰਮਰਾਹ ਕਰਦੇ ਹਨ।ਐਸੇ ਆਪੂੰ ਬਣੇ ਅਖਉਤੀ ਸੰਤਾਂ ਲਈ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਰਾਰੀ ਚੋਟ ਮਾਰੀ ਹੈ:

" ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ - ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਕ ੪੭੬

ਉਕਤ ਸ਼ਬਦ ਵਿੱਚ ਸੰਤ ਪਦ ਦੀ ਵਰਤੋਂ ਪਰਪੰਚੀ ਮਨੁੱਖਾਂ ਲਈ ਹੋਈ ਹੈ।ਸੋ ਸਾਰੀ ਵੀਚਾਰ ਦਾ ਸਿੱਟਾ ਇਹ ਹੈ ਕਿ ਸਮੱਗਰ ਗੁਰਬਾਣੀ ਅੰਦਰ 'ਸੰਤ,ਸੰਤੁ,ਸੰਤਿ,ਸੰਤਾ,ਸੰਤਨ,ਸੰਤਨਿ' ਆਦਿ ਸ਼ਬਦ ਗੁਰਬਾਣੀ ਵਿੱਚ ਬਹੁ-ਅਰਥਕ ਰੂਪ 'ਚ ਆਏ ਹਨ,ਪ੍ਰਕਰਣ ਅਨੁਸਾਰ 'ਸੰਤ' ਸ਼ਬਦ ਪੰਜ ਅਰਥ-ਭਾਵ ਅਧੀਨ ਗੁਰਬਾਣੀ 'ਚ ਪ੍ਰਯੋਗ ਹੋਇਆ ਹੈ:

੧. ਪਰਮਾਤਮਾ

੨. ਸਤਿਗੁਰੂ

੩. ਸਤਿਸੰਗੀ,ਗੁਰਮੁਖ ਜਨ,ਸਤਸੰਗਤ।

੪. ਭਗਤ ਸਾਹਿਬਾਨ ਦੇ ਨਾਮ ਨਾਲ ਵਿਸ਼ੇਸ਼ਣ ਤੌਰ 'ਤੇ।

੫. ਪਖੰਡੀ ਲੋਕਾਂ ਲਈ।

ਜਿੱਥੇ ਗੁਰਬਾਣੀ ਵਿੱਚ ਵਿਅਕਤੀਗਤ ਤੌਰ 'ਤੇ 'ਸੰਤੁ' ਪਦ ਦੀ ਵਰਤੋਂ ਕੀਤੀ ਹੈ,ਉਥੇ ਉਹ ਪਦ ਨੂੰ ਭੀ ਰਾਖਵਾਂ ਰੱਖਿਆ ਗਿਆ ਹੈ,ਕਉਣ ਉਸ ਪਦ ਦਾ ਹੱਕਦਾਰ ਹੈ ?ਟੂਕ-ਮਾਤ੍ਰ ਗੁਰਬਾਣੀ-ਪ੍ਰਮਾਣ ਸਾਂਝੇ ਕਰਨੇ ਮੁਨਾਸਿਬ ਹੋਣਗੇ:

"ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥

ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥ - ਗਉੜੀ ਕੀ ਵਾਰ:੨ (ਮ; ੫) ਅੰਕ ੩੧੯

"ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥ - ਗਉੜੀ (ਮ; ੫)ਅੰਕ ੨੦੮

"ਸੋਈ ਸੰਤੁ ਜਿ ਭਾਵੈ ਰਾਮ ॥ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥ - ਗੋਂਡ (ਮ; ੫) ਅੰਕ ੮੬੭

ਜੋ ਮਨੁੱਖ ਗੁਰਬਾਣੀ ਗਿਆਨ ਨੂੰ ਗੁਰੂ ਮੰਨਦਾ ਹੈ,ਉਸ ਦੇ ਲਈ 'ਸੰਤ,ਮਹਾਂਪੁਰਖ' ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ,ਨਾ ਕੇ ਕੋਈ ਅਖਉਤੀ ਸਰੀਰਧਾਰੀ ਸੰਤ ਡੇਰੇਦਾਰ।

ਭੁੱਲ-ਚੁਕ ਦੀ ਖਿਮਾਂ

-ਹਰਜਿੰਦਰ ਸਿੰਘ 'ਘੜਸਾਣਾ'Back    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।