ਗਾਜਰਾਂ `ਚ ਗਧੇ
23/06/12
(ਨਿਰਮਲ ਸਿੰਘ ਕੰਧਾਲਵੀ)
ਨਵਾਂ ਮੈਂਬਰ ਪ੍ਰਧਾਨ ਨੂੰ ਕਹਿਣ ਲੱਗਾ,
ਪੜਦੇ ਪਿਛਲੀ ਕਮੇਟੀ ਦੇ ਫੋਲੀਏ ਜੀ।
ਰਾਹਦਾਰੀਆਂ `ਤੇ ਬੰਦੇ ਮੰਗਾਏ ਕਿਤਨੇ,
ਭੇਤ ਸੰਗਤਾਂ ਨੂੰ ਇਨ੍ਹਾਂ ਦੇ ਖੋਲ੍ਹੀਏ ਜੀ।
ਹਿਸਾਬ ਕਿਤਾਬ ਦੀ ਖੂਬ ਪੜਤਾਲ ਕਰ ਕੇ,
ਦੱਸੀਏ ਇਨ੍ਹਾਂ ਦੀਆਂ ਹੇਰਾ-ਫੇਰੀਆਂ ਜੀ।
ਵਿਚ ਸੰਗਤ ਦੇ ਅਸੀਂ ਠੁੱਕ ਬਣਾ ਲਈਏ,
ਗੱਲਾਂ ਮੰਨ ਲਉ ਪ੍ਰਧਾਨ ਜੀ ਮੇਰੀਆਂ ਜੀ,
ਤੂੰ ਏ ਨਵਾਂ ਤੇ ਤਜਰਬੇ ਦੀ ਹੈ ਘਾਟ ਤੈਨੂੰ,
ਲੱਲ-ਵਲੱਲੀਆਂ ਤੂੰ ਤਾਹੀਉਂ ਮਾਰਦਾ ਏਂ।
ਓਏ ਕੁੱਝ ਸਿੱਖ ਲੈ ਸਾਡੇ ਤਜਰਬਿਆਂ ਤੋਂ,
ਗਧੇ ਕਾਹਨੂੰ ਤੂੰ ਗਾਜਰਾਂ `ਚ ਵਾੜਦਾ ਏਂ।
ਪੜਦੇ ਫੋਲ ਕੇ ਓਏ ਮਿਲ਼ੂਗਾ ਕੀ ਸਾਨੂੰ,
ਵੈਰ ਐਵੇਂ ਨਾ ਕਿਸੇ ਨਾਲ਼ ਪਾਵੀਏ ਓਏ।
ਚੰਦ ਅਸੀਂ ਵੀ ਤਾਂ ਦੋ ਸਾਲ ਚਾੜ੍ਹਨੇ ਨੇ,
ਇੱਜ਼ਤ ਆਪਣੀ ਆਪ ਬਚਾਵੀਏ ਓਏ।
-ਨਿਰਮਲ ਸਿੰਘ ਕੰਧਾਲਵੀ